ਚੰਡੀਗੜ੍ਹ: ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਵਿੱਚ ਸਭ ਤੋਂ ਵੱਧ ਹੋ ਗਈ ਹੈ। ਇਹ ਖ਼ੁਲਾਸਾ ਨੈਸ਼ਨਲ ਸੈਂਪਲ ਸਰਵੇਖਣ ਆਫ਼ਿਸ (ਐਨਐਸਐਸਓ) ਦੀ ਉਸ ਰਿਪੋਰਟ ਦੇ ਆਧਾਰ ’ਤੇ ਕੀਤਾ ਗਿਆ ਹੈ, ਜਿਸ ਨੂੰ ਸਰਕਾਰ ਵੱਲੋਂ ਜਾਰੀ ਨਾ ਕਰਨ ਦੇ ਵਿਵਾਦ ਦੇ ਚੱਲਦਿਆਂ ਕੌਮੀ ਅੰਕੜਾ ਕਮਿਸ਼ਨ ਦੇ ਦੋ ਮੈਂਬਰਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸੇ ਗਹਿਮਾ-ਗਹਿਮੀ ਵਿਚਾਲੇ ਇੱਕ ਅੰਗਰੇਜ਼ੀ ਅਖ਼ਬਾਰ ਨੇ ਐਨਐਸਐਸਓ ਦੀ ਰਿਪੋਰਟ ਦੇ ਹਵਾਲੇ ਨਾਲ ਖ਼ਬਰ ਛਾਪ ਕੇ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਬੇਰੁਜ਼ਗਾਰੀ ਸਿਖ਼ਰ ’ਤੇ ਪੁੱਜੀ ਹੋਈ ਹੈ।


ਰਿਪੋਰਟ ਮੁਤਾਬਕ ਦੇਸ਼ ਵਿੱਚ ਬੇਰੁਜ਼ਗਾਰੀ ਦਰ 6.1 ਫੀਸਦੀ ਹੈ। ਹਾਲਾਂਕਿ ਸਾਲ 2011-12 ਵਿੱਚ ਇਹ ਦਰ ਮਹਿਜ਼ 2.2 ਫੀਸਦੀ ਸੀ। ਰਿਪੋਰਟ ਮੁਤਾਬਕ 2017-18 ਵਿੱਚ ਸ਼ਹਿਰੀ ਖੇਤਰ ਦੇ ਪੁਰਸ਼ ਨੌਜਵਾਨਾਂ ਵਿੱਚ 18.7 ਫੀਸਦੀ ਦੀ ਬੇਰੁਜ਼ਗਾਰੀ ਦਰ ਹੈ ਜਦਕਿ ਮਹਿਲਾਵਾਂ ਵਿੱਚ ਇਹ ਦਰ 27.2 ਫੀਸਦੀ ਹੈ।

ਪੇਂਡੂ ਸਿੱਖਿਅਤ ਔਰਤਾਂ ਵਿੱਚ ਬੇਰੋਜ਼ਗਾਰੀ ਦੀ ਇਹ ਦਰ ਪਿਛਲੇ ਸਾਲ 17.3 ਫੀਸਦੀ ਸੀ ਜਦਕਿ 2004-05 ਵਿੱਚ ਇਹ 9.7 ਤੋਂ 15.2 ਫੀਸਦੀ ਵਿਚਕਾਰ ਸੀ। ਇਸ ਸਾਲ ਲੇਬਰ ਫੋਰਸ ਦੀ ਭਾਗੀਦਾਰੀ ਦਰ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। 2011-12 ਵਿੱਚ ਜਿੱਥੇ ਦੇਸ਼ ਦੀ ਜਨਸੰਖਿਆ ਦੇ 39.5 ਫੀਸਦੀ ਲੋਕਾਂ ਨੇ ਕੰਮ ਕੀਤਾ ਪਰ 2011-12 ਵਿੱਚ ਇਹ ਦਰ ਘਟ ਕੇ 36.9 ਫੀਸਦੀ ਹੋ ਗਈ। 2004 ਤੋਂ ਹੀ ਇਸ ਦਰ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।