ਨਵੀਂ ਦਿੱਲੀ: ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਝਟਕਾ ਬੀਜੇਪੀ ਨੂੰ ਲੱਗ ਸਕਦਾ ਹੈ। ਸੰਯੁਕਤ ਕਿਸਾਨ ਮੋਰਚੇ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਬੀਜੇਪੀ ਖਿਲਾਫ ਵੱਡਾ ਐਲਾਨ ਕਰ ਸਕਦਾ ਹੈ। ਇਹ ਸੰਕੇਤ ਸੰਯੁਕਤ ਕਿਸਾਨ ਮੋਰਚੇ ਨੇ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਵਾਪਸ ਲਏ ਜਾਣ ਮਗਰੋਂ ਮੁਅੱਤਲ ਕੀਤੇ ਗਏ ਅੰਦੋਲਨ ਦੀ ਅਗਲੀ ਰੂਪਰੇਖਾ ਉਲੀਕਣ ਲਈ ਆਨਲਾਈਨ ਮੀਟਿੰਗ ਦੌਰਾਨ ਦਿੱਤੇ। ਮੋਰਚੇ ਦੀ ਅਗਲੀ ਰਣਨੀਤੀ ਅੱਜ ਐਲਾਨੇ ਜਾਣ ਦੀ ਸੰਭਾਵਨਾ ਹੈ।

ਬੁੱਧਵਾਰ ਨੂੰ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਦਾਅਵਾ ਕੀਤਾ ਗਿਆ ਕਿ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕਮੇਟੀ ਬਣਾਏ ਜਾਣ ਸਬੰਧੀ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਹੱਥ-ਪੱਲਾ ਨਾ ਫੜਾਏ ਜਾਣ ਤੋਂ ਇਲਾਵਾ ਲਖੀਮਪੁਰ ਖੀਰੀ ਘਟਨਾ ਵਿੱਚ ਜ਼ਖ਼ਮੀ ਹੋਏ ਕਿਸਾਨਾਂ ਨੂੰ ਮੁਆਵਜ਼ਾ ਦੇਣ ਸਮੇਤ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਸਰਕਾਰ ’ਚੋਂ ਬਰਖ਼ਾਸਤ ਕਰਨ ਵਰਗੀਆਂ ਮੁੱਖ ਮੰਗਾਂ ਨੂੰ ਅਣਗੌਲਿਆਂ ਕੀਤੇ ਜਾਣ ਕਰਕੇ ਕਿਸਾਨਾਂ ਵਿੱਚ ਰੋਹ ਪਾਇਆ ਜਾ ਰਿਹਾ ਹੈ।

ਸੂਤਰਾਂ ਮੁਤਾਬਕ ਬੀਤੇ ਦਿਨ ਉੱਤਰ ਪ੍ਰਦੇਸ਼ ਦੀਆਂ ਵੱਡੀਆਂ ਕਿਸਾਨ ਯੂਨੀਅਨਾਂ ਦੀ ਬੈਠਕ ਹੋਈ ਤੇ ਮੋਰਚੇ ਦੇ ਅਗਲੇ ਪ੍ਰੋਗਰਾਮਾਂ ਬਾਰੇ ਸਹਿਮਤੀ ਬਣਾਈ ਗਈ। ਇਸੇ ਸਹਿਮਤੀ ਦੇ ਆਧਾਰ ’ਤੇ ਅੱਜ ਮੋਰਚੇ ਦੀ ਤਾਲਮੇਲ ਕਮੇਟੀ ਦੇ ਸੱਤ ਮੈਂਬਰਾਂ ਵੱਲੋਂ ਬਾਅਦ ਦੁਪਹਿਰ 2.30 ਵਜੇ ਪ੍ਰੈੱਸ ਕਾਨਫ਼ਰੰਸ ਕਰਕੇ ਅਗਲੇ ਪ੍ਰੋਗਰਾਮ ਕਿਸਾਨਾਂ ਨੂੰ ਦਿੱਤੇ ਜਾਣਗੇ। ਕਿਸਾਨ ਲੀਡਰਾਂ ਨੇ ਸੰਕੇਤ ਦਿੱਤਾ ਕਿ ਕੇਂਦਰ ਸਰਕਾਰ ਦੇ ਰਵੱਈਏ ਖ਼ਿਲਾਫ਼ ਉੱਤਰ ਪ੍ਰਦੇਸ਼/ਉੱਤਰਾਖੰਡ ਚੋਣਾਂ ਦੌਰਾਨ ਭਾਜਪਾ ਨੂੰ ‘ਵੋਟ ਦੀ ਚੋਟ’ ਦੇਣ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।

ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਯੂਥ ਆਗੂ ਧਰਮਿੰਦਰ ਮਲਿਕ ਨੇ ਦੱਸਿਆ ਕਿ 15 ਤੋਂ ਜ਼ਿਆਦਾ ਯੂਨੀਅਨਾਂ ਬੀਤੇ ਦਿਨ ਆਨਲਾਈਨ ਇੱਕਠੀਆਂ ਹੋਈਆਂ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ਦੇ ਕਿਸਾਨਾਂ ਲਈ ਇੱਕੋ ਜਿਹੀ ਰਣਨੀਤੀ ਬਣਾ ਕੇ ਅਗਲਾ ਸੱਦਾ ਦਿੱਤਾ ਜਾਵੇਗਾ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਖੇਤੀ ਕਾਨੂੰਨ ਵਾਪਸ ਕਰਵਾਏ ਜਾਣ ਮਗਰੋਂ ਮੋਰਚੇ ਦੇ ਸੰਘਰਸ਼ ਬਾਰੇ ਅਗਲੀ ਸਾਰੀ ਜਾਣਕਾਰੀ 3 ਫਰਵਰੀ ਨੂੰ ਦਿੱਤੀ ਜਾਵੇਗੀ।

 




ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904