ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਤੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਸਾਰੇ ਸਰਕਾਰੀ ਵਿਭਾਗਾਂ ਦੇ ਆਹਲਾ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਬੈਠਕ ਕੀਤੀ। ਇਸ ਦੌਰਾਨ ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੀ ਉਸਾਰੀ ਦੇ ਚੱਲਦਿਆਂ ਪੂਰੀ ਦੁਨੀਆ ਦੀਆਂ ਨਜ਼ਰਾਂ ਗੁਰੂ ਨਾਨਕ ਦੇਵ ਜੀ ਦੇ ਦਰ ਉੱਤੇ ਟਿਕੀਆਂ ਹੋਈਆਂ ਹਨ। ਇਸ ਲਈ ਪੰਜਾਬ ਸਰਕਾਰ ਸਾਰੇ ਕੰਮਾਂ ਨੂੰ ਪੂਰੇ ਸਮੇਂ 'ਤੇ ਮੁਕੰਮਲ ਕਰਨ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਾਂਘੇ ਦੇ ਨਿਰਮਾਣ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ।
ਰੰਧਾਵਾ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਦਾ ਕੰਮ 5 ਨਵੰਬਰ ਤਕ ਪੂਰਾ ਕਰ ਲਿਆ ਜਾਵੇਗਾ। ਪਾਕਿਸਤਾਨ ਨੇ ਵੀ ਕਿਹਾ ਹੈ ਕਿ 8 ਨਵੰਬਰ ਨੂੰ ਲਾਂਘਾ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਉੱਤੇ ਭਾਰਤ ਵੱਲੋਂ ਪਹਿਲਾ ਜਥਾ ਰਵਾਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਹੋਰ ਮੰਤਰੀ ਮੌਜੂਦ ਰਹਿਣਗੇ।
ਰੰਧਾਵਾ ਨੇ ਕਿਹਾ ਕਿ ਪਹਿਲੇ ਜਥੇ ਵਿੱਚ 550 ਲੋਕ ਸ਼ਾਮਲ ਹੋਣਗੇ। ਇਸ ਵਿੱਚ ਮੁੱਖ ਮੰਤਰੀ ਕੈਪਟਨ, ਸਾਰੇ ਵਿਧਾਇਕ, ਸਾਂਸਦ, ਅਧਿਕਾਰੀ ਤੇ ਪੱਤਰਕਾਰ ਵੀ ਨਾਲ ਜਾਣਗੇ। ਰੰਧਾਵਾ ਦਾ ਕਹਿਣਾ ਸੀ ਕਿ 8 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿੱਚ ਵੀ ਇੱਕ ਵੱਡਾ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਸਾਰੇ ਧਾਰਮਕ ਆਗੂਆਂ ਦੇ ਨਾਲ-ਨਾਲ ਦੇਸ਼ ਦੇ ਸਾਰੇ ਧਰਮਾਂ ਤੇ ਵਰਗਾਂ ਦੇ ਧਾਰਮਕ ਆਗੂਆਂ ਨੂੰ ਵੀ ਬੁਲਾਇਆ ਜਾਵੇਗਾ, ਫਿਰ ਚਾਹੇ ਉਹ ਕਿਸੇ ਕਿਸੇ ਵੀ ਭਾਸ਼ਾ ਨਾਲ ਸਬੰਧ ਰੱਖਦੇ ਹੋਣ। ਪੂਰੇ ਪ੍ਰੋਗਰਾਮ ਦਾ ਬਕਾਇਦਾ ਉਨ੍ਹਾਂ ਦੀ ਭਾਸ਼ਾ ਵਿੱਚ ਅਨੁਵਾਦ ਕਰਕੇ ਵੀ ਸੁਣਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 22 ਤੋਂ ਲੈ ਕੇ 27 ਅਗਸਤ ਤਕ ਇੱਕ ਵਫ਼ਦ ਪਾਕਿਸਤਾਨ ਜਾਵੇਗਾ, ਜਿਸ ਵਿੱਚ ਮੰਤਰੀ ਓਪੀ ਸੋਨੀ ਤੇ ਚਰਨਜੀਤ ਸਿੰਘ ਚੰਨੀ ਦੇ ਨਾਲ-ਨਾਲ ਉਹ ਖ਼ੁਦ ਵੀ ਸ਼ਾਮਲ ਰਹਿਣਗੇ। ਇਸ ਤੋਂ ਇਲਾਵਾ ਕੁਝ ਅਧਿਕਾਰੀ ਤੇ ਪੱਤਰਕਾਰ ਵੀ ਸ਼ਾਮਲ ਹੋਣਗੇ। ਭਾਰਤ ਸਰਕਾਰ ਵੱਲੋਂ ਵਫ਼ਦ ਨੂੰ ਜਾਣ ਦੀ ਆਗਿਆ ਮਿਲ ਗਈ ਹੈ ਤੇ ਪਾਕਿਸਤਾਨ ਸਰਕਾਰ ਵੱਲੋਂ ਉਨ੍ਹਾਂ ਨੇ ਸਮਾਂ ਮੰਗਿਆ ਹੈ। ਇਸ ਬੈਠਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਦੋਵਾਂ ਦੇਸ਼ਾ ਵਿੱਚ ਮਨਾਏ ਜਾਣ ਵਾਲੇ ਸਮਾਗਮਾਂ ਬਾਰੇ ਵਿਚਾਰ ਚਰਚਾ ਹੋਵੇਗੀ।