ਚੰਡੀਗੜ੍ਹ: ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਨੇਪਰੇ ਚੜ੍ਹ ਚੁੱਕੀਆਂ ਹਨ। ਸੱਤ ਗੇੜਾਂ ਵਿੱਚ ਹੋਣ ਪੂਰੀ ਹੋਈ ਇਸ ਚੋਣ ਪ੍ਰਕਿਰਿਆ ਵਿੱਚ ਪੰਜਾਬ ਦੀ ਵਾਰੀ ਅਖੀਰ 'ਚ ਆਈ। ਪੰਜਾਬ ਵਿੱਚ 19 ਮਈ ਨੂੰ ਵੋਟਿੰਗ ਹੋਈ ਅਤੇ 23 ਮਈ ਨੂੰ ਸਾਰੇ ਦੇਸ਼ ਦੇ ਸੰਸਦੀ ਹਲਕਿਆਂ ਦੇ ਨਤੀਜੇ ਐਲਾਨੇ ਜਾਣਗੇ।


ਪੰਜਾਬ ਵਿੱਚ ਲੋਕ ਸਭਾ ਦੇ 13 ਹਲਕੇ ਹਨ। ਸਾਲ 2014 ਦੀਆਂ ਆਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਹਿੱਸੇ ਚਾਰ ਸੀਟਾਂ ਸਿਰਫ ਪੰਜਾਬ ਵਿੱਚੋਂ ਹੀ ਆਈਆਂ ਸਨ। ਕਾਂਗਰਸ ਨੇ ਵੀ ਪੰਜਾਬ ਵਿੱਚੋਂ ਚਾਰ ਸੀਟਾਂ ਹਾਸਲ ਕੀਤੀਆਂ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਨੇ ਪੰਜ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ।

ਆਮ ਆਦਮੀ ਪਾਰਟੀ- ਸਾਲ 2014 ਦੀਆਂ ਚੋਣਾਂ ਦੌਰਾਨ 'ਆਪ' ਦੇ ਪੰਜਾਬ ਵਿੱਚ ਚਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ਪਰ ਕੁਝ ਸਮੇਂ ਮਗਰੋਂ ਪਾਰਟੀ ਨੇ ਦੋ ਐਮਪੀਜ਼ ਨੂੰ ਮੁਅੱਤਲ ਕਰ ਦਿੱਤਾ ਸੀ। ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਇਸ ਵਾਰ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਪਾਸਿਓਂ ਚੋਣ ਲੜ ਰਹੇ ਹਨ, ਜਦਕਿ ਫ਼ਤਹਿਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖ਼ਾਲਸਾ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਪਰ ਚੋਣ ਨਹੀਂ ਲੜ ਰਹੇ। ਉੱਧਰ, ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਮੌਜੂਦਾ ਐਮਪੀ ਭਗਵੰਤ ਮਾਨ ਇੱਥੋਂ ਹੀ ਚੋਣ ਲੜ ਰਹੇ ਹਨ। ਫ਼ਰੀਦਕੋਟ ਤੋਂ ਪ੍ਰੋ. ਸਾਧੂ ਸਿੰਘ ਨੇ 2014 ਦੀ ਚੋਣ ਜਿੱਤੀ ਸੀ ਅਤੇ ਉਹ ਇਸ ਵਾਰ ਇੱਥੋਂ ਹੀ 'ਆਪ' ਦੀ ਟਿਕਟ ਤੋਂ ਲੜ ਰਹੇ ਹਨ।

ਕਾਂਗਰਸ- ਸਾਲ 2017 ਵਿੱਚ ਪੰਜਾਬ ਦੀ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਚਾਰ ਸੀਟਾਂ 'ਤੇ ਕਬਜ਼ਾ ਕੀਤਾ ਸੀ। ਕਾਂਗਰਸ ਦੇ ਹਿੱਸੇ, ਗੁਰਦਾਸਪੁਰ (ਸੁਨੀਲ ਜਾਖੜ), ਅੰਮ੍ਰਿਤਸਰ (ਗੁਰਜੀਤ ਔਜਲਾ), ਜਲੰਧਰ (ਚੌਧਰੀ ਸੰਤੋਖ ਸਿੰਘ) ਅਤੇ ਲੁਧਿਆਣਾ (ਰਵਨੀਤ ਸਿੰਘ ਬਿੱਟੂ) ਸੀਟਾਂ ਹਨ। ਕਾਂਗਰਸ ਨੇ ਇਸ ਵਾਰ ਇੱਥੋਂ ਆਪਣੇ ਮੌਜੂਦਾ ਐਮਪੀਜ਼ ਨੂੰ ਹੀ ਖੜ੍ਹਾ ਕੀਤਾ ਹੋਇਆ ਹੈ।

ਅਕਾਲੀ-ਭਾਜਪਾ- ਸਾਲ 2014 ਵਿੱਚ ਪੰਜਾਬ ਵਿੱਚ ਸੱਤਾਧਾਰੀ ਧਿਰ ਹੋਣ ਦੇ ਬਾਵਜੂਦ ਅਕਾਲੀ ਦਲ ਤੇ ਭਾਜਪਾ ਗਠਜੋੜ ਪੰਜਾਬ ਵਿੱਚ ਅੱਧੀਆਂ ਲੋਕ ਸਭਾ ਸੀਟਾਂ ਵੀ ਨਹੀਂ ਸੀ ਜਿੱਤ ਸਕਿਆ। ਅਕਾਲੀ ਦਲ ਹਿੱਸੇ ਬਠਿੰਡਾ (ਹਰਸਿਮਰਤ ਕੌਰ ਬਾਦਲ), ਫ਼ਿਰੋਜ਼ਪੁਰ (ਸ਼ੇਰ ਸਿੰਘ ਘੁਬਾਇਆ), ਅਨੰਦਪੁਰ ਸਾਹਿਬ (ਪ੍ਰੇਮ ਸਿੰਘ ਚੰਦੂਮਾਜਰਾ) ਖਡੂਰ ਸਾਹਿਬ (ਰਣਜੀਤ ਸਿੰਘ ਬ੍ਰਹਮਪੁਰਾ) ਅਤੇ ਭਾਜਪਾ ਨੇ ਹੁਸ਼ਿਆਰਪੁਰ (ਵਿਜੇ ਸਾਂਪਲਾ) ਸੀਟ 'ਤੇ ਜਿੱਤ ਦਰਜ ਕੀਤੀ ਸੀ। ਪਰ ਇਸ ਵਾਰ ਸ਼ੇਰ ਸਿੰਘ ਘੁਬਾਇਆ ਕਾਂਗਰਸ ਤੋਂ ਚੋਣ ਲੜ ਰਹੇ ਹਨ, ਜਿਨ੍ਹਾਂ ਦੇ ਵਿਰੁੱਧ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਹਨ। ਖਡੂਰ ਸਾਹਿਬ ਤੋਂ ਮੌਜੂਦਾ ਐਮਪੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾ ਲਈ ਹੈ ਅਤੇ ਉਹ ਚੋਣ ਨਹੀਂ ਲੜ ਰਹੇ। ਹਾਲਾਂਕਿ, ਭਾਜਪਾ ਨੇ ਇਸ ਵਾਰ ਆਪਣੀ ਰਣਨਿਤੀ ਬਦਲੀ ਹੈ ਅਤੇ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਤੋਂ ਨਵੇਂ ਚਿਹਰੇ ਕ੍ਰਮਵਾਰ ਹਰਦੀਪ ਪੁਰੀ ਅਤੇ ਸੋਮ ਪ੍ਰਕਾਸ਼ ਹਨ। ਨਾਲ ਹੀ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਹਨ।
ਹੁਣ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਚੰਗਾ ਪ੍ਰਦਰਸ਼ਨ ਕਰਦੀ ਹੈ।