ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਾਬਕਾ PWD ਮੰਤਰੀ ਸਤੇਂਦਰ ਜੈਨ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ PWD 'ਚ ਕਥਿਤ ਗ਼ੈਰ ਕਾਨੂੰਨੀ ਭਰਤੀਆਂ ਅਤੇ ਗੈਰ-ਸੰਬੰਧਤ ਪ੍ਰੋਜੈਕਟਾਂ ਲਈ ਹੋਏ ਭੁਗਤਾਨ ਨਾਲ ਜੁੜੇ ਮਾਮਲੇ 'ਚ CBI ਵੱਲੋਂ ਫਾਈਲ ਕੀਤੀ ਗਈ ਕਲੋਜ਼ਰ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ। ਅਦਾਲਤ ਨੇ ਕਿਹਾ ਕਿ ਜਾਂਚ ਦੇ ਬਾਵਜੂਦ ਭ੍ਰਿਸ਼ਟਾਚਾਰ ਜਾਂ ਆਪਰਾਧਿਕ ਸਾਜ਼ਿਸ਼ ਦਾ ਕੋਈ ਸਬੂਤ ਨਹੀਂ ਮਿਲਿਆ। ਇਸ ਮਾਮਲੇ 'ਤੇ ਹੁਣ ਆਮ ਆਦਮੀ ਪਾਰਟੀ ਨੇ BJP ਨੂੰ ਨਿਸ਼ਾਨੇ 'ਤੇ ਲਿਆ ਹੈ।
ਵਿਰੋਧੀ ਧੀਰ ਦੀ ਨੇਤਾ ਆਤਿਸ਼ੀ ਨੇ BJP ਨੂੰ ਘੇਰਿਆ
ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਬੀਜੇਪੀ 'ਤੇ ਹਮਲਾ ਕਰਦਿਆਂ ਕਿਹਾ ਕਿ 2015 ਵਿੱਚ ਜਦੋਂ ਤੋਂ ਦਿੱਲੀ ਵਿੱਚ AAP ਦੀ ਸਰਕਾਰ ਬਣੀ, ਬੀਜੇਪੀ ਨੇ ਇੱਕ ਤੋਂ ਬਾਅਦ ਇੱਕ ਝੂਠੇ ਮੁਕੱਦਮੇ ਸਾਡੇ 'ਤੇ ਲਾਏ। ਬਿਨਾਂ ਕਿਸੇ ਅਧਾਰ ਦੇ ਸਿਰਫ਼ ਕੀਚੜ ਉਛਾਲਣ ਲਈ 200 ਤੋਂ ਵੱਧ ਮੁਕੱਦਮੇ ਦਰਜ ਕੀਤੇ ਗਏ। ਜਦੋਂ ਮਾਮਲਾ ਅਦਾਲਤ ਵਿੱਚ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਕੋਈ ਭ੍ਰਿਸ਼ਟਾਚਾਰ ਨਹੀਂ ਹੋਇਆ।
ਇੱਕ ਰੁਪਏ ਦੇ ਭ੍ਰਿਸ਼ਟਾਚਾਰ ਦਾ ਵੀ ਕੋਈ ਸਬੂਤ ਨਹੀਂ ਮਿਲਿਆ
ਇੱਕ ਪ੍ਰੈਸ ਕਾਨਫਰੰਸ ਦੌਰਾਨ ਆਤਿਸ਼ੀ ਨੇ ਕਿਹਾ ਕਿ CBI ਦੀ ਖਾਸ ਅਦਾਲਤ ਵਿੱਚ ਇੱਕ ਕੇਸ ਸੀ, ਦੋਸ਼ ਲਗਾਇਆ ਗਿਆ ਸੀ ਕਿ ਸਤੇਂਦਰ ਜੈਨ ਨੇ PWD ਮੰਤਰੀ ਹੋਣ ਦੇ ਨਾਤੇ ਗਲਤ ਢੰਗ ਨਾਲ ਪ੍ਰੋਫੈਸ਼ਨਲ ਨੂੰ ਨੌਕਰੀ 'ਤੇ ਲਿਆ ਸੀ ਅਤੇ ਉਨ੍ਹਾਂ ਨੂੰ ਗਲਤ ਢੰਗ ਨਾਲ ਤਨਖਾਹ ਦਿੱਤੀ ਗਈ ਸੀ। ਪਰ ਅੱਜ CBI ਦੀ ਖਾਸ ਅਦਾਲਤ ਨੇ ਮੰਨ ਲਿਆ ਕਿ ਸਾਰੇ ਦੋਸ਼ ਬੇਬੁਨਿਆਦ ਸਨ, ਇੱਕ ਰੁਪਏ ਦੇ ਭ੍ਰਿਸ਼ਟਾਚਾਰ ਦਾ ਵੀ ਕੋਈ ਸਬੂਤ ਨਹੀਂ ਮਿਲਿਆ। ਅੱਜ CBI ਦੀ ਕਲੋਜ਼ਰ ਰਿਪੋਰਟ ਨੂੰ ਅਦਾਲਤ ਨੇ ਮੰਨ ਲਿਆ ਹੈ, ਜਿਸਦਾ ਅਰਥ ਹੈ ਕਿ ਹੁਣ ਇਹ ਕੇਸ ਖਤਮ ਹੋ ਗਿਆ।
ਆਤਿਸ਼ੀ ਨੇ ਕਿਹਾ ਕਿ ਅਦਾਲਤ ਨੇ ਸਾਫ ਕਿਹਾ ਹੈ ਕਿ ਭਰਤੀ ਪ੍ਰਕਿਰਿਆ ਵਿੱਚ CBI ਨੂੰ ਕੋਈ ਵੀ ਗੜਬੜ ਨਹੀਂ ਮਿਲੀ, ਭ੍ਰਿਸ਼ਟਾਚਾਰ ਦਾ ਵੀ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਹ ਸਾਫ ਸਾਬਤ ਕਰਦਾ ਹੈ ਕਿ BJP ਵੱਲੋਂ ਸਾਡੇ ਉੱਤੇ ਲਾਏ ਗਏ ਝੂਠੇ ਦੋਸ਼ ਅਦਾਲਤ ਵਿੱਚ ਮੁੱਧੇ ਮੂੰਹ ਡਿੱਗੇ ਹਨ। ਆਤਿਸ਼ੀ ਨੇ ਕਿਹਾ ਕਿ BJP ਚਾਹੇ ਜਿੰਨੇ ਮਰਜ਼ੀ ਝੂਠੇ ਮਾਮਲੇ ਲਾਏ, ਅਸੀਂ ਡਰਨ ਵਾਲੇ ਨਹੀਂ ਹਾਂ।
ਇਸ ਮਾਮਲੇ ਉੱਤੇ ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਨੇ ਵੀ BJP 'ਤੇ ਹਮਲਾ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ BJP ਦੇ ਸ਼ੜਯੰਤਰ ਦਾ ਪਰਦਾਫਾਸ਼ ਹੋ ਗਿਆ ਹੈ। CBI ਵੱਲੋਂ ਦਰਜ ਕੀਤੇ ਝੂਠੇ ਕੇਸ ਸਾਬਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਕੰਮ ਰੋਕਣ ਲਈ, ਉਨ੍ਹਾਂ ਦੇ ਮੰਤਰੀਆਂ ਅਤੇ ਵਿਧਾਇਕਾਂ 'ਤੇ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਗਾ ਕੇ ਕੇਸ ਬਣਾਏ ਜਾਂਦੇ ਹਨ।