ਮੋਦੀ 'ਤੇ ਰਾਫਾਲ ਹਮਲਾ, ਆਖਰ ਦਸਤਾਵੇਜ਼ ਕਿਉਂ ਛੁਪਾ ਰਹੀ ਸਰਕਾਰ?
ਏਬੀਪੀ ਸਾਂਝਾ | 07 Mar 2019 04:26 PM (IST)
ਨਵੀਂ ਦਿੱਲੀ: ਰਾਫਾਲ ਲੜਾਕੂ ਜਹਾਜ਼ਾਂ ਦੇ ਸੌਦੇ ਵਿੱਚ ਕਥਿਤ ਘਪਲੇ ਵਿੱਚ ਮੋਦੀ ਸਰਕਾਰ ਕਸੂਤੀ ਘਿਰਦੀ ਜਾ ਰਹੀ ਹੈ। ਅੰਗਰੇਜ਼ੀ ਅਖਬਾਰ ‘ਦ ਹਿੰਦੂ’ ਨੇ ਸਰਕਾਰੀ ਦਸਤਾਵੇਜ਼ਾਂ ਦੇ ਆਧਾਰ ’ਤੇ ਵੱਡੇ ਖੁਲਾਸੇ ਕਰਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਦੂਜੇ ਪਾਸੇ ਮੋਦੀ ਸਰਕਾਰ ਨੇ ਦਾਅਵਾ ਰੀਕਾ ਹੈ ਕਿ ਰੱਖਿਆ ਮੰਤਰਾਲੇ ਦੇ ਦਫ਼ਤਰ 'ਚੋਂ ਰਾਫਾਲ ਲੜਾਕੂ ਜਹਾਜ਼ ਸੌਦੇ ਨਾਲ ਸਬੰਧਤ ਦਸਤਾਵੇਜ਼ ਚੋਰੀ ਹੋ ਗਏ ਹਨ। ‘ਦ ਹਿੰਦੂ’ ਅਖਬਾਰ ਨੇ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਲੇਖ ਛਾਪ ਕੇ ਸਰਕਾਰੀ ਭੇਤ ਗੁਪਤ ਰੱਖਣ ਬਾਰੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਵਿਰੋਧੀ ਧਿਰਾਂ ਨੇ ਸਵਾਲ ਉਠਾਇਆ ਹੈ ਕਿ ਇਹ ਦਸਤਾਵੇਜ਼ ਦੇ ਖੁਲਾਸੇ ਤੋਂ ਸਰਕਾਰ ਕਿਉਂ ਡਰ ਰਹੀ ਹੈ। ਸਰਕਾਰ ਇਨ੍ਹਾਂ ਦਸਤਾਵੇਜ਼ਾਂ ਦੀ ਸੱਚਾਈ ਜਨਤਾ ਕੋਲੋਂ ਕਿਉਂ ਛੁਪਾਉਣਾ ਚਾਹੁੰਦੀ ਹੈ। ਇਸ ਦਨੇ ਨਾਲ ਹੀ ਸੁਪਰਾਮ ਕੋਰਟ ਨੇ ਵੀ ਸਪਸ਼ਟ ਕੀਤਾ ਹੈ ਕਿ ਜੇਕਰ ਰਾਫਾਲ ਸੌਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ, ਤਾਂ ਕੀ ਸਰਕਾਰੀ ਭੇਤ ਗੁਪਤ ਰੱਖਣ ਬਾਰੇ ਕਾਨੂੰਨ ਪਿੱਛੇ ਪਨਾਹ ਲਵੇਗੀ? ਵੱਡੇ ਖੁਲਾਸੇ ਕਰਨ ਵਾਲੇ ਹਿੰਦੂ ਪਬਲਿਸ਼ਿੰਗ ਗਰੁੱਪ ਦੇ ਚੇਅਰਮੈਨ ਐਨ ਰਾਮ ਨੇ ਕਿਹਾ ਕਿ ਦਸਤਾਵੇਜ਼ ਮੁਹੱਈਆ ਕਰਵਾਉਣ ਵਾਲੇ ਭਰੋਸੇਯੋਗ ਸੂਤਰਾਂ ਬਾਰੇ ਅਖਬਾਰ ਵੱਲੋਂ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਰਾਮ ਨੇ ਕਿਹਾ ਕਿ ਇਹ ਦਸਤਾਵੇਜ਼ ਜਨਤਕ ਹਿੱਤਾਂ ਦੇ ਮੱਦੇਨਜ਼ਰ ਛਾਪੇ ਗਏ ਸਨ ਕਿਉਂਕਿ ਰਾਫਾਲ ਸੌਦੇ ਬਾਰੇ ਵੇਰਵਿਆਂ ਨੂੰ ਛੁਪਾਇਆ ਜਾ ਰਿਹਾ ਹੈ। ਉਧਰ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਰਾਫਾਲ ਜਹਾਜ਼ ਸੌਦੇ ਵਿੱਚ ਕੇਸ ਚਲਾਉਣ ਲਈ ਹੁਣ ਕਾਫੀ ਸਬੂਤ ਹਨ। ਉਨ੍ਹਾਂ ਦੋਸ਼ ਲਾਇਆ ਕਿ ਰਾਫਾਲ ਸੌਦੇ ਵਿੱਚ ਭ੍ਰਿਸ਼ਟਾਚਾਰ ਦੀ ਕਹਾਣੀ ਮੋਦੀ ਤੋਂ ਸ਼ੁਰੂ ਹੋ ਕੇ ਮੋਦੀ ਉੱਤੇ ਹੀ ਖਤਮ ਹੁੰਦੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਸਬੂਤ ਮਿਟਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।