ਨਵੀਂ ਦਿੱਲੀ: ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਦੇ ਵਿਚ ਭਾਰਤੀ ਹਵਾਈ ਫੌਜ ਦੇ ਹਵਾਈ ਜਖ਼ੀਰੇ 'ਚ ਫਿਰ ਤੋਂ ਇਜ਼ਾਫਾ ਹੋਣ ਵਾਲਾ ਹੈ। ਰਾਫੇਲ ਲੜਾਕੂ ਜਹਾਜ਼ਾਂ ਦੀ ਨਵੀਂ ਖੇਪ ਅੱਜ ਭਾਰਤ ਪਹੁੰਚ ਰਹੀ ਹੈ। ਖ਼ਬਰਾਂ ਦੇ ਮੁਤਾਬਕ ਤਿੰਨੇ ਰਾਫੇਲ ਲੜਾਕੂ ਜਹਾਜ਼ ਅੱਜ ਸ਼ਾਮ ਅੰਬਾਲਾ ਦੇ ਏਅਰਬੇਸ 'ਤੇ ਲੈਂਡ ਕਰਨਗੇ। ਇਹ ਤਿੰਨੇ ਲੜਾਕੂ ਜਹਾਜ਼ ਫਰਾਂਸ ਤੋਂ ਹਿੰਦੁਸਤਾਨ ਦੀ ਕਰੀਬ 7 ਹਜ਼ਾਰ ਕਿਮੀ ਦੂਰੀ ਬਿਨਾਂ ਰੁਕੇ ਤੈਅ ਕਰਨਗੇ। ਯੂਏਈ ਦੇ ਆਸਮਾਨ 'ਚ ਹੀ ਤਿੰਨਾਂ ਜਹਾਜ਼ਾਂ 'ਚ ਏਅਰ ਟੂ ਏਅਰ ਰੀਫਿਊਲਿੰਗ ਕੀਤੀ ਜਾਵੇਗੀ, ਯਾਨੀ ਉਡਾਣ ਦੌਰਾਨ ਆਸਮਾਨ 'ਚ ਹੀ ਈਧਨ ਭਰਿਆ ਜਾਵੇਗਾ।
ਹੁਣ ਤਕ 11 ਰਾਫੇਲ ਆਏ, ਗੋਲਡਨ ਏਰੋ ਸਕੁਆਡ੍ਰਨ ਦਾ ਹਿੱਸਾ ਬਣੇ
ਭਾਰਤ ਸਰਕਾਰ ਨੇ ਫਰਾਂਸ ਤੋਂ 36 ਰਾਫੇਲ ਜਹਾਜ਼ਾਂ ਦੀ ਖਰੀਦ ਕੀਤੀ ਹੈ। ਜਿੰਨ੍ਹਾਂ 'ਚ 21 ਜਹਾਜ਼ ਭਾਰਤ ਨੂੰ ਸੌਂਪੇ ਜਾ ਚੁੱਕੇ ਹਨ। ਹਾਲਾਂਕਿ ਹੁਣ ਤਕ 11 ਰਾਫੇਲ ਜਹਾਜ਼ ਹੀ ਭਾਰਤ ਆਏ ਹਨ। ਇਹ ਸਾਰੇ ਅੰਬਾਲਾ 'ਚ ਮੌਜੂਦ ਹਵਾਈ ਫੌਜ ਦੇ ਗੋਲਡਨ ਏਰੋ ਸਕੁਆਡ੍ਰਨ ਦਾ ਹਿੱਸਾ ਹਨ ਤੇ ਅੱਜ ਜੋ ਤਿੰਨ ਰਾਫੇਲ ਆਉਣਗੇ ਉਨ੍ਹਾਂ ਨੂੰ ਵੀ ਗੋਲਡਨ ਏਰੋ ਸਕੁਆਡ੍ਰਨ 'ਚ ਹੀ ਸ਼ਾਮਲ ਕੀਤਾ ਜਾਵੇਗਾ।
ਇਨ੍ਹਾਂ ਸਾਰੇ 14 ਰਾਫੇਲ ਜਹਾਜ਼ਾਂ ਨੂੰ ਹਵਾਈ ਫੌਜ ਲੋੜ ਦੇ ਹਿਸਾਬ ਨਾਲ ਕਿਤੇ ਵੀ ਇਸਤੇਮਾਲ ਕਰ ਸਕਦੀ ਹੈ। ਪਰ ਸਕੁਆਡ੍ਰਨ ਦੀ ਪਹਿਲੀ ਜ਼ਿੰਮੇਵਾਰੀ ਦੇਸ਼ ਦੇ ਪੱਛਮ ਤੇ ਉੱਤਰ 'ਚ ਚੀਨ-ਪਾਕਿਸਤਾਨ ਨਾਲ ਜੁੜੀ ਹਵਾਈ ਸੀਮਾ ਨੂੰ ਮਹਿਫੂਜ਼ ਰੱਖਣਾ ਹੈ।
ਅਪ੍ਰੈਲ 'ਚ ਪੰਜ ਹੋਰ ਰਾਫੇਲ ਆਉਣਗੇ
ਇਨ੍ਹਾਂ ਲੜਾਕੂ ਜਹਾਜ਼ਾਂ ਦੀ ਇਕ ਹੋਰ ਨਵੀਂ ਖੇਪ ਅਗਲੇ ਮਹੀਨੇ ਯਾਨੀ ਅਪ੍ਰੈਲ ਦੇ ਆਖੀਰ 'ਚ ਆਵੇਗੀ। ਅਪ੍ਰੈਲ ਵਾਲੀ ਖੇਪ 'ਚ ਤਿੰਨ ਦੀ ਥਾਂ 5 ਰਾਫੇਲ ਲੜਾਕੂ ਜਹਾਜ਼ ਹੋਣਗੇ। ਨਵੇ ਜਹਾਜ਼ਾਂ ਨੂੰ ਪੱਛਮੀ ਬੰਗਾਲ ਦੇ ਹਾਸ਼ਿਮਾਰਾ ਏਅਰਬੇਸ 'ਤੇ ਤਾਇਨਾਤ ਕੀਤਾ ਜਾਵੇਗਾ। ਚੀਨ ਨਾਲ ਲੱਗਦੀ ਪੂਰਬੀ ਸੀਮਾ ਦੀ ਨਿਗਰਾਨੀ ਜਾਂ ਲੋੜ ਪੈਣ 'ਤੇ ਇਨ੍ਹਾਂ ਦਾ ਇਸਤੇਮਾਲ ਹਾਸ਼ਿਮਾਰਾ ਬੇਸ ਤੋਂ ਆਸਾਨੀ ਨਾਲ ਕੀਤਾ ਜਾ ਸਕੇਗਾ।
ਕਿਉਂ ਗੇਮ ਚੇਂਜਰ ਹੈ ਰਾਫੇਲ
ਭਾਰਤੀ ਹਵਾਈ ਫੌਜ ਲਈ ਰਾਫੇਲ ਲੜਾਕੂ ਜਹਾਜ਼ ਗੇਮਚੇਂਜਰ ਮੰਨੇ ਜਾ ਰਹੇ ਹਨ। ਕਿੁਂਕਿ ਇਨ੍ਹਾਂ ਦੇ ਆਉਣ ਨਾਲ ਭਾਰਤ ਨੂੰ ਆਪਣੇ ਗਵਾਂਡੀਆਂ ਦੇ ਮੁਕਾਬਲੇ ਤਕਨੀਕੀ ਬੜਤ ਵੀ ਮਿਲੀ ਹੈ ਤੇ ਯੁੱਧ ਦੀ ਸੂਰਤ 'ਚ ਇਕ ਤਾਕਤਵਰ ਲੜਾਕਾ ਵੀ। ਰਾਫੇਲ ਨੇ ਇਸਦਾ ਸਬੂਤ ਲੱਦਾਖ ਦੇ ਆਸਮਾਨ 'ਚ ਉਡਾਣ ਭਰ ਕੇ ਦੇ ਦਿੱਤਾ ਸੀ।