ਨਵੀਂ ਦਿੱਲੀ: ਰਾਫ਼ੇਲ ਡੀਲ ਨੂੰ ਲੈ ਕੇ ਇੱਕ ਵਾਰ ਫੇਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਡੀਲ ‘ਚ ਪ੍ਰਧਾਨ ਮੰਤਰੀ ਦੇ ਦਖਲ ਦਾ ਇਲਜ਼ਾਮ ਲਾਉਂਦੇ ਹੋਏ ਅਪਰਾਧਿਕ ਜਾਂਚ ਦੀ ਮੰਗ ਕੀਤੀ ਹੈ। ਰਾਹੁਲ ਦਾ ਕਹਿਣਾ ਹੈ ਕਿ ਜੇਕਰ ਪੀਐਮ ਬੇਕਸੂਰ ਹਨ ਤਾਂ ਖੁਦ ਜਾਂਚ ਕਿਉਂ ਨਹੀਂ ਕਰਵਾਉਂਦੇ। ਇਸ ਦੇ ਨਾਲ ਹੀ ਰਾਹੁਲ ਨੇ ਕਿਹਾ ਕਿ ਜੇਕਰ ਫਾਈਲਾਂ ਗਾਇਬ ਹੋਇਆਂ ਹਨ ਤਾਂ ਉਨ੍ਹਾਂ ਦਸਤਾਵੇਜ਼ਾਂ ਰਾਹੀਂ ਲੱਗੇ ਇਲਜ਼ਾਮ ਸਹੀ ਹਨ।


ਰਾਹੁਲ ਗਾਂਧੀ ਨੇ ਕਿਹਾ, “ਕੱਲ੍ਹ ਬਹੁਤ ਦਿਲਚਸਪ ਗੱਲ ਹੋਈ, ਮੀਡੀਆ ਨੂੰ ਕਿਹਾ ਜਾਂਦਾ ਹੈ ਕਿ ਅਸੀਂ ਜਾਂਚ ਕਰਾਂਗੇ ਕਿਉਂਕਿ ਰਾਫ਼ੇਲ ਦੀਆਂ ਫਾਈਲਾਂ ਗਾਇਬ ਹੋ ਗਈਆਂ ਹਨ ਪਰ ਜਿਸ ਨੇ 30 ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ ਹੈ, ਜਿਸ ਬਾਰੇ ਫਾਈਲ ‘ਚ ਸਾਫ਼ ਲਿਖਿਆ ਹੈ ਕਿ ਸੌਦਾ ਹੋ ਰਿਹਾ ਸੀ, ਉਨ੍ਹਾਂ ‘ਤੇ ਕੋਈ ਜਾਂਚ ਨਹੀਂ ਹੋਵੇਗੀ। ਕਿਸੇ ਵੀ ਸੰਸਥਾ ਨੂੰ ਤੋੜ-ਮਰੋੜ ਕੇ ਚੌਕੀਦਾਰ ਨੂੰ ਬਚਾ ਕੇ ਰੱਖਣਾ ਸਰਕਾਰ ਦਾ ਕੰਮ ਹੈ।”

ਬੀਤੇ ਦਿਨ ਸੁਪਰੀਮ ਕੋਰਟ ਦਾ ਰਿਵਿਊ ਪਟੀਸ਼ਨ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਦੱਸਿਆ ਕਿ ਰਾਫ਼ੇਲ ਸੌਦੇ ਦੇ ਅਹਿਮ ਦਸਤਾਵੇਜ਼ ਰੱਖਿਆ ਮੰਤਰਾਲੇ ਤੋਂ ਚੋਰੀ ਹੋ ਗਏ ਹਨ।