ਲਖਨਊ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਤਿਕੁਨਿਆ ਚ 3 ਅਕਤੂਬਰ ਨੂੰ ਹੋਈ ਹਿੰਸਾ ਤੋਂ ਬਾਅਦ ਬੀਜੇਪੀ ਲਈ ਵੱਡੀ ਮੁਸੀਬਤ ਪੈਦਾ ਹੋਈ ਹੈ। ਕਾਂਗਰਸ ਲੀਡਰ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਹਿੰਸਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਬੁੱਧਵਾਰ ਦੇਰ ਰਾਤ ਦੋਵੇਂ ਲੀਡਰ ਮ੍ਰਿਤਕ ਪੱਤਰਕਾਰ ਰਮਨ ਕਸ਼ਯਪ ਦੇ ਘਰ ਪਹੁੰਚੇ ਤੇ ਪਰਿਵਾਰ ਨੂੰ ਮਿਲ ਕੇ ਸੋਗ ਜਤਾਇਆ। ਉਨ੍ਹਾਂ ਦੇ ਨਾਲ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਮੌਜੂਦ ਰਹੇ।


ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, 'ਆਪਣਿਆਂ ਨੂੰ ਗੈਰਮਨੁੱਖੀ ਕ੍ਰੂਰਤਾ ਦੇ ਹੱਥੋਂ ਗਵਾਉਣ ਵਾਲੇ ਇਹ ਪਰਿਵਾਰ ਕੀ ਚਾਹੁੰਦੇ ਹਨ? ਨਿਆਂ- ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤੇ ਮਨਿਸਟਰ ਅਹੁਦੇ ਤੋਂ ਹਟਾਇਆ ਜਾਵੇ ਤੇ ਹੁਣ ਨਿਆਂ ਕਰਨਾ ਹੋਵੇਗਾ।'






ਇਸ ਤੋਂ ਬਾਅਦ ਕਾਂਗਰਸ ਲੀਡਰਾਂ ਨੇ ਸਰਦਾਰ ਨਛੱਤਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, 'ਸ਼ਹੀਦ ਸਰਦਾਰ ਨਛੱਤਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ, ਸੋਗ ਪ੍ਰਗਟ ਕੀਤਾ। ਲਖੀਮਪੁਰ ਤਸ਼ੱਦਦ ਦੇ ਇਨ੍ਹਾਂ ਪੀੜਤ ਪਰਿਵਾਰਾਂ ਨੇ ਦੋਹਰਾ ਸੰਤਾਪ ਝੱਲਿਆ ਹੈ। ਆਪਣਿਆਂ ਨੂੰ ਗਵਾਉਣ ਦਾ ਦੁੱਖ ਤਾਂ ਹੈ ਹੀ ਨਾਲ ਹੀ ਸਰਕਾਰ ਵੀ ਲਗਾਤਾਰ ਵਾਰ ਕਰ ਰਹੀ ਹੈ। ਪਰ ਜ਼ੁਲਮ ਦੀ ਇਸ ਰਾਤ ਦੀ ਸਵੇਰ ਜ਼ਰੂਰ ਹੋਵੇਗੀ।'






ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਲਖੀਮਪੁਰ ਹਿੰਸਾ 'ਚ ਜਾਨ ਗਵਾਉਣ ਵਾਲੇ ਕਿਸਾਨ ਲਵਪ੍ਰੀਤ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ। ਸ਼ਹੀਦ ਲਵਪ੍ਰੀਤ ਦੇ ਪਰਿਵਾਰ ਨੂੰ ਮਿਲ ਕੇ ਦੁੱਖ ਵੰਡਿਆ। ਇਸ ਮੁਲਾਕਾਤ ਦੀ ਵੀ ਰਾਹੁਲ ਗਾਂਧੀ ਨੇ ਫੋਟੋ ਟਵੀਟ ਕੀਤੀ ਹੈ।