ਨਵੀਂ ਦਿੱਲੀ: ਰਾਫੇਲ ਮਾਮਲੇ ‘ਤੇ ਸੁਪਰੀਮ ਕੋਰਟ ‘ਚ 23 ਅਪਰੈਲ ਨੂੰ ਸੁਣਵਾਈ ਹੈ। ਇਸ ਤੋਂ ਇੱਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਜਵਾਬ ਦਿੱਤਾ ਹੈ। ਰਾਹੁਲ ਨੇ ਪੀਐਮ ਮੋਦੀ ਨੂੰ ਚੋਰ ਕਹਿਣ ‘ਤੇ ਅਫ਼ਸੋਸ ਜ਼ਾਹਿਰ ਕੀਤਾ ਹੈ। ਰਾਹੁਲ ਵੱਲੋਂ ਅਦਾਲਤ ਨੂੰ ਕਿਹਾ ਗਿਆ ਹੈ, "ਹਾਂ ਮੈਂ ਮੰਨਦਾ ਹਾਂ ਕਿ ਸੁਪਰੀਮ ਕੋਰਟ ਨੇ ਕਦੇ ਵੀ ਨਹੀਂ ਕਿਹਾ ਚੌਕੀਦਾਰ ਚੋਰ ਹੈ। ਮੇਰੇ ਵੱਲੋਂ ਇਹ ਬਿਆਨ ਚੋਣਾਂ ਪ੍ਰਚਾਰ ਦੌਰਾਨ ਉਤਸ਼ਾਹ ‘ਚ ਦਿੱਤਾ ਗਿਆ।"

ਰਾਹੁਲ ਨੇ ਅੱਗੇ ਕਿਹਾ ਕਿ ਮੈਂ ਅੱਗੇ ਤੋਂ ਪਬਲਿਕ ‘ਚ ਅਜਿਹੀ ਬਿਆਨਬਾਜ਼ੀ ਨਹੀਂ ਕਰਾਂਗਾ। ਜਦੋਂ ਤਕ ਕਿ ਕੋਰਟ ‘ਚ ਅਜਿਹੀ ਗੱਲ ਰਿਕਾਰਡ ‘ਚ ਨਾ ਕਹੀ ਗਈ ਹੋਵੇ। ਆਖਰ ‘ਚ ਉਨ੍ਹਾਂ ਕਿਹਾ ਕਿ ਮੇਰੇ ਬਿਆਨਾਂ ਦਾ ਰਾਜਨੀਤਕ ਵਿਰੋਧੀਆਂ ਵੱਲੋਂ ਗਲਤ ਇਸਤੇਮਾਲ ਕੀਤਾ ਗਿਆ ਹੈ। ਰਾਹੁਲ ਗਾਂਧੀ ਖਿਲਾਫ ਸੁਪਰੀਮ ਕੋਰਟ ‘ਚ ਮਾਣਹਾਨੀ ਸਬੰਧੀ ਪਟੀਸ਼ਨ ‘ਤੇ ਕੋਰਟ ਨੇ ਰਾਹੁਲ ਨੂੰ 15 ਅਪਰੈਲ ਨੂੰ ਨੋਟਿਸ ਜਾਰੀ ਕੀਤਾ ਸੀ।

ਕੋਰਟ ਨੇ ਰਾਹੁਲ ਨੂੰ 22 ਅਪਰੈਲ ਤਕ ਜਵਾਬ ਦੇਣ ਲਈ ਕਿਹਾ ਸੀ। ਰਾਹੁਲ ਨੇ ਨਾਮਜ਼ਦਗੀ ਭਰਨ ਤੋਂ ਬਾਅਦ ਮੀਡੀਆ ਸਾਹਮਣੇ 10 ਅਪਰੈਲ ਨੂੰ ਰਾਫੇਲ ਸੌਦੇ ਨੂੰ ਲੈ ਕੇ ਚੌਕੀਦਾਰ ਚੋਰ ਹੈ, ਦਾ ਬਿਆਨ ਦਿੱਤਾ ਸੀ।