ਨਵੀਂ ਦਿੱਲੀ: ਕਾਂਗਰਸ ਲੀਡਰ ਰਾਹੁਲ ਗਾਂਧੀ ਲਗਾਤਾਰ ਹਰ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰ ਰਹੇ ਹਨ। ਇਕ ਵਾਰ ਫਿਰ ਉਨ੍ਹਾਂ ਗੰਗਾ 'ਚ ਤੈਰਦਿਆਂ ਮਿਲੀਆਂ ਲਾਸ਼ਾਂ ਨੂੰ ਲੈਕੇ ਮੋਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ, 'ਜੋ ਕਹਿੰਦਾ ਸੀ ਗੰਗਾ ਨੇ ਬੁਲਾਇਆ ਹੈ, ਉਸ ਨੇ ਮਾਂ ਗੰਗਾ ਨੂੰ ਰਵਾਇਆ ਹੈ' ਰਾਹੁਲ ਨੇ ਬਿਨਾਂ ਨਾਂਅ ਲਏ ਸਿੱਧਾ ਪੀਐਮ ਮੋਦੀ ਤੇ ਤਨਜ ਕੱਸਿਆ ਹੈ।


ਰਾਹੁਲ ਗਾਂਧੀ ਨੇ ਆਪਣੇ ਇਸ ਟਵੀਟ ਦੇ ਨਾਲ ਇਕ ਖ਼ਬਰ ਵੀ ਸ਼ੇਅਰ ਕੀਤੀ ਹੈ। ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਗੰਗਾ ਕਿਨਾਰੇ 1140 ਕਿਮੀ 'ਚ 2 ਹਜ਼ਾਰ ਤੋਂ ਜ਼ਿਆਦਾ ਲਾਸ਼ਾਂ ਮਿਲੀਆਂ ਹਨ। ਇਹ ਵੀ ਕਿਹਾ ਗਿਆ ਹੈ ਕਿ ਕਾਨਪੁਰ 'ਚ ਸ਼ੇਰੇਸ਼ਵਰ ਘਾਟ ਤੇ ਅੱਧਾ ਕਿਮੀ ਏਰੀਏ 'ਚ ਹੀ 400 ਲਾਸ਼ਾਂ ਦਫਨ ਹਨ।


ਇਕ ਦਿਨ ਪਹਿਲਾਂ ਕਾਂਗਰਸ ਮਹਾਂਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਟਵੀਟ ਕੀਤਾ ਸੀ, 'ਬਲਿਆ ਤੇ ਗਾਜੀਪੁਰ 'ਚ ਗੰਗਾ 'ਚ ਮ੍ਰਿਤਕ ਦੇਹਾਂ ਤੈਰ ਰਹੀਆਂ ਹਨ। ਰਿਪੋਰਟ 'ਚ ਉਨਾਵ 'ਚ ਨਦੀ ਕਿਨਾਰੇ ਵੱਡੇ ਪੈਮਾਨੇ 'ਤੇ ਲਾਸ਼ਾਂ ਦਫਨਾਉਣ ਦੀਆਂ ਖ਼ਬਰਾਂ ਆ ਰਹੀਆਂ ਹਨ। ਲਖਨਊ, ਗੋਰਖਪੁਰ, ਝਾਂਸੀ ਤੇ ਕਾਨਪੁਰ ਜਿਹੇ ਸ਼ਹਿਰਾਂ 'ਚ ਅਧਿਕਾਰਤ ਸੰਖਿਆ ਘੱਟ ਦੱਸੀ ਜਾ ਰਹੀ ਹੈ।'


ਵਿਰੋਧੀ ਲਗਾਤਾਰ ਹਮਲਾਵਰ


ਦਰਅਸਲ ਯੂਪੀ ਦੇ ਕਈ ਇਲਾਕਿਆਂ 'ਚ ਗੰਗਾ 'ਚ ਲਾਸ਼ਾਂ ਤੈਰਦੀਆਂ ਦੇਖੀਆਂ ਜਾ ਰਹੀਆਂ ਹਨ। ਹਾਲ ਹੀ 'ਚ ਵਾਰਾਣਸੀ 'ਚ ਗੰਗਾ ਨਦੀ ਤੇ ਉਸ ਦੇ ਨਾਲ ਲੱਗਦੇ ਚੰਦੌਲੀ ਜ਼ਿਲ੍ਹੇ 'ਚ ਅੱਧ ਸੜੀ ਲਾਸ਼ ਸਮੇਤ ਸੱਤ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਕ ਮ੍ਰਿਤਕ ਦੇਹ ਵਾਰਾਣਸੀ ਦੇ ਸੁਜਾਬਾਦ ਇਲਾਕੇ ਦੇ ਕੋਲ ਹੋਰ ਛੇ ਚੰਦੌਲੀ ਜਿਲ੍ਹੇ ਦੇ ਧਾਨਾਪੁਰ ਇਲਾਕੇ 'ਚ ਵੀਰਵਾਰ ਮਿਲੀ।


ਬਿਹਾਰ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉੱਤਰ ਪ੍ਰਦੇਸ਼ ਤੋਂ 71 ਲਾਸ਼ਾਂ ਵਹਿ ਕੇ ਸੂਬੇ 'ਚ ਆ ਗਈਆਂ ਸਨ। ਅਧਿਕਾਰੀਆਂ ਨੇ ਇਸ ਤੋਂ ਬਾਅਦ ਨਦੀ 'ਚ ਨੈੱਟ ਲਾ ਦਿੱਤਾ ਹੈ। ਵਿਰੋਧੀਆਂ ਨੇ ਸੂਬੇ ਚ ਕੋਵਿਡ ਦੀਆਂ ਮੌਤਾਂ ਨੂੰ ਘੱਟ ਬਣਾਉਣ ਦਾ ਇਲਜ਼ਾਮ ਲਾਉਂਦਿਆਂ ਸੂਬਾ ਸਰਕਾਰ ਤੇ ਹਮਲਾ ਕੀਤਾ ਹੈ।


ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਟਵੀਟ ਕੀਤਾ, 'ਗੰਗਾ 'ਚ ਤੈਰਦੀਆਂ ਲਾਸ਼ਾਂ ਮਹਿਜ਼ ਅੰਕੜੇ ਨਹੀਂ ਹਨ, ਉਹ ਕਿਸੇ ਦਾ ਪਿਉ, ਮਾਂ, ਭਰਾ ਤੇ ਭੈਣ ਹੈ। ਸਰਕਾਰ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ।'