ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਨਜੀਤਿਆਂ ਤੋਂ ਬਾਅਦ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਪਾਰਟੀ ਨੇ ਠੁਕਰਾ ਦਿੱਤਾ। ਹੁਣ ਤਕਰੀਬਨ ਮਹੀਨੇ ਮਗਰੋਂ ਉਹ ਮੁੜ ਤੋਂ ਸਰਗਰਮ ਹੋ ਗਏ ਹਨ। ਬੁੱਧਵਾਰ ਤੋਂ ਰਾਹੁਲ ਗਾਂਧੀ ਆਉਣ ਵਾਲੇ ਸਮੇਂ ਵਿੱਚ ਤਿੰਨ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਰੁੱਝ ਜਾਣਗੇ।


ਗਾਂਧੀ ਨੇ 26 ਜੂਨ ਨੂੰ ਮਹਾਰਾਸ਼ਟਰ, 27 ਜੂਨ ਨੂੰ ਹਰਿਆਣਾ ਤੇ 28 ਜੂਨ ਨੂੰ ਦਿੱਲੀ ਇਕਾਈ ਦੇ ਵੱਡੇ ਨੇਤਾਵਾਂ ਨੂੰ ਆਪਣੇ ਘਰ ਸੱਦਿਆ ਹੈ। ਇਸ ਦੌਰਾਨ ਰਾਹੁਲ ਕਾਂਗਰਸ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਧੜੇਬੰਦੀ ਖ਼ਤਮ ਕਰਨ ਤੇ ਚੋਣਾਂ ਬਾਰੇ ਰਣਨਿਤੀ ਘੜਨ 'ਤੇ ਚਰਚਾ ਕਰ ਸਕਦੇ ਹਨ। ਇਨ੍ਹਾਂ ਮੀਟਿੰਗਾਂ ਵਿੱਚ ਤਿੰਨੇ ਸੂਬਿਆਂ ਦੇ ਪ੍ਰਧਾਨ ਤੇ ਹੋਰ ਸੀਨੀਅਰ ਨੇਤਾ ਸ਼ਾਮਲ ਹੋਣਗੇ।

ਹਾਲਾਂਕਿ, ਰਾਹੁਲ ਦੇ ਅਸਤੀਫ਼ੇ 'ਤੇ ਤੌਖ਼ਲੇ ਹਾਲੇ ਵੀ ਜਾਰੀ ਹਨ। ਉਨ੍ਹਾਂ ਕਾਰਜਕਾਰਨੀ ਵੱਲੋਂ ਅਸਤੀਫ਼ਾ ਵਾਪਸ ਲੈਣ ਦੀ ਸਲਾਹ ਨੂੰ ਨਾ ਮੰਨਿਆ ਹੈ ਤੇ ਨਾ ਹੀ ਠੁਕਰਾਇਆ ਹੈ। ਪਿਛਲੇ ਹਫ਼ਤੇ ਵੀ ਨਵਾਂ ਪ੍ਰਧਾਨ ਚੁਣਨ ਵਿੱਚ ਆਪਣੀ ਭੂਮਿਕਾ ਤੋਂ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ ਸੀ। ਹੁਣ ਉਹ ਮੁੜ ਤੋਂ ਸਰਗਰਮ ਹੁੰਦੇ ਦਿਖਾਈ ਦੇ ਰਹੇ ਹਨ।