ਅਮਰੀਕਾ 'ਚ ਕਾਰੋਬਾਰੀ ਗੌਤਮ ਅਡਾਨੀ (Gautam Adani) 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਰਾਹੁਲ ਗਾਂਧੀ(Rahul Gandhi) ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਰਾਹੁਲ ਨੇ ਕਿਹਾ- ਅਡਾਨੀ ਜੀ 2 ਹਜ਼ਾਰ ਕਰੋੜ ਦਾ ਘਪਲਾ ਕਰ ਰਹੇ ਹਨ ਤੇ ਬਾਹਰ ਘੁੰਮ ਰਹੇ ਹਨ ਕਿਉਂਕਿ ਪੀਐਮ ਮੋਦੀ ਉਨ੍ਹਾਂ ਨੂੰ ਬਚਾ ਰਹੇ ਹਨ।
ਗੌਤਮ ਅਡਾਨੀ ਨੇ ਅਮਰੀਕਾ ਵਿੱਚ ਅਪਰਾਧ ਕੀਤੇ ਹਨ, ਪਰ ਭਾਰਤ ਵਿੱਚ ਉਸ ਵਿਰੁੱਧ ਕੁਝ ਨਹੀਂ ਕੀਤਾ ਜਾ ਰਿਹਾ ਹੈ। ਅਡਾਨੀ ਦੀ ਹਿਫਾਜ਼ਤ ਕਰਨ ਵਾਲੀ SEBI ਦੀ ਚੇਅਰਮੈਨ ਮਾਧਬੀ ਬੁੱਚ ਦੇ ਖ਼ਿਲਾਫ਼ ਕੇਸ ਹੋਣਾ ਚਾਹੀਦਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਚੁੱਪ ਨਹੀਂ ਬੈਠਾਂਗੇ। ਇਸ ਮੁੱਦੇ ਨੂੰ ਸੰਸਦ ਵਿੱਚ ਵੀ ਉਠਾਵਾਂਗੇ। ਅਸੀਂ ਇਹ ਵੀ ਜਾਣਦੇ ਹਾਂ ਕਿ ਭਾਜਪਾ ਸਰਕਾਰ ਅਡਾਨੀ ਨੂੰ ਬਚਾਏਗੀ। ਅਮਰੀਕੀ ਜਾਂਚ ਏਜੰਸੀ ਨੇ ਕਿਹਾ ਹੈ ਕਿ ਅਡਾਨੀ ਨੇ 2 ਹਜ਼ਾਰ ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਹੈ, ਫਿਰ ਵੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹੈ। ਅਡਾਨੀ ਹੁਣ ਜੇਲ੍ਹ ਤੋਂ ਬਾਹਰ ਕਿਉਂ ? ਅਡਾਨੀ ਨੂੰ ਗ੍ਰਿਫਤਾਰ ਕੀਤਾ ਜਾਵੇ।
ਅਡਾਨੀ ਦੇ ਨਾਲ-ਨਾਲ ਰਾਹੁਲ ਗਾਂਧੀ ਨੇ ਆਪਣੀ ਪ੍ਰੈੱਸ ਕਾਨਫਰੰਸ 'ਚ ਮਾਧਵੀ ਬੁੱਚ ਦਾ ਨਾਂਅ ਵੀ ਲਿਆ। ਉਸ ਨੇ ਮਾਧਵੀ ਬੁੱਚ 'ਤੇ ਕਈ ਦੋਸ਼ ਲਾਏ। ਰਾਹੁਲ ਗਾਂਧੀ ਨੇ ਕਿਹਾ ਕਿ ਮਾਧਵੀ ਬੁੱਚ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਉਹ ਅਡਾਨੀ ਨੂੰ ਬਚਾ ਰਹੀ ਹੈ। ਉਨ੍ਹਾਂ ਨੇ ਉਸ ਦੇ ਕੇਸ ਦੀ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ। ਮਾਧਵੀ ਬੁੱਚ ਦੀ ਵੀ ਜਾਂਚ ਹੋਣੀ ਚਾਹੀਦੀ ਹੈ, ਉਸ ਦੇ ਹਿੱਤ ਅਡਾਨੀ ਦੀ ਕੰਪਨੀ ਨਾਲ ਜੁੜੇ ਹੋਏ ਹਨ।
ਤੁਹਾਨੂੰ ਦੱਸ ਦੇਈਏ ਕਿ ਨਿਊਯਾਰਕ ਦੀ ਫੈਡਰਲ ਕੋਰਟ 'ਚ ਹੋਈ ਸੁਣਵਾਈ 'ਚ ਗੌਤਮ ਅਡਾਨੀ ਸਮੇਤ 8 ਲੋਕਾਂ 'ਤੇ ਅਰਬਾਂ ਦੀ ਧੋਖਾਧੜੀ ਤੇ ਰਿਸ਼ਵਤਖੋਰੀ ਦਾ ਦੋਸ਼ ਲਗਾਇਆ ਗਿਆ ਹੈ। ਸੰਯੁਕਤ ਰਾਜ ਦੇ ਅਟਾਰਨੀ ਦਫਤਰ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿੱਚ ਸੂਰਜੀ ਊਰਜਾ ਦੇ ਠੇਕੇ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 265 ਮਿਲੀਅਨ ਡਾਲਰ (ਲਗਭਗ 2200 ਕਰੋੜ ਰੁਪਏ) ਦੀ ਰਿਸ਼ਵਤ ਦਿੱਤੀ ਜਾਂ ਦੇਣ ਦੀ ਯੋਜਨਾ ਬਣਾਈ।