ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੇਰਲ ਦੇ ਵਾਇਨਾਡ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ। ਉਨ੍ਹਾਂ ਨਾਲ ਭੈਣ ਪ੍ਰਿਅੰਕਾ ਗਾਂਧੀ ਵੀ ਮੌਜੂਦ ਸੀ। ਨਾਮਜ਼ਦਗੀ ਭਰਨ ਤੋਂ ਬਾਅਦ ਰਾਹੁਲ ਨੇ ਪ੍ਰਿਅੰਕਾ ਗਾਂਧੀ ਨਾਲ ਰੋਡ ਸ਼ੋਅ ‘ਚ ਹਿੱਸਾ ਲਿਆ। ਰੋਡ ਸ਼ੋਅ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਸੀਟ ‘ਤੇ ਲੜਨ ਦੀ ਆਪਣੀ ਵਜ੍ਹਾ ਦੱਸੀ। ਇਸ ਦੇ ਨਾਲ ਹੀ ਰਾਹੁਲ ਨੇ ਇੱਕ ਵਰ ਫੇਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ।
ਰਾਹੁਲ ਨੇ ਕਿਹਾ, “ਮੈਂ ਕੇਰਲ ਸਿਰਫ ਇਹ ਸੁਨੇਹਾ ਦੇਣ ਆਇਆ ਹਾਂ ਕਿ ਪੂਰਬ ਤੋਂ ਪੱਛਮ ਤੇ ਉੱਤਰ ਤੋਂ ਦੱਖਣ ਤਕ ਭਾਰਤ ਇੱਕ ਹੀ ਦੇਸ਼ ਹੈ। ਜਿਵੇਂ ਨਰੇਂਦਰ ਮੋਦੀ ਤੇ ਆਰਐਸਐਸ ਕੰਮ ਕਰ ਰਹੇ ਹਨ, ਲੋਕਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੇ ਸੱਭਿਆਚਾਰ ਤੇ ਭਾਸ਼ਾ ‘ਤੇ ਹਮਲਾ ਹੋ ਰਿਹਾ ਹੈ। ਮੈਂ ਉੱਤਰੀ ਭਾਰਤ ਦੇ ਵੀ ਨਾਲ ਹਾਂ ਤੇ ਦੱਖਣੀ ਭਾਰਤ ਦੇ ਵੀ ਨਾਲ ਹਾਂ।”
ਜਦੋਂ ਕਾਂਗਰਸ ਪ੍ਰਧਾਨ ਤੋਂ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਭਾਜਪਾ ਉਨ੍ਹਾਂ ਦੇ ਵਾਇਨਾਡ ਤੋਂ ਚੋਣ ਲੜਣ ‘ਤੇ ਤਨਜ਼ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਮੇਰੇ ਲਈ ਮੋਦੀ ਜਾਂ ਯੋਗੀ ਕੋਈ ਮਾਇਨੇ ਨਹੀਂ ਰੱਖਦੇ। ਮੇਰੇ ਲਈ ਕਿਸਾਨ ਤੇ ਬੇਰੁਜ਼ਗਾਰੀ ਮੁੱਦਾ ਹੈ।
ਇਸ ਦੌਰਾਨ ਰਾਹੁਲ ਖੱਬੇਪੱਖੀ ਸੱਤਾਧਾਰੀਆਂ ਦੇ ਗਠਬੰਧਨ ‘ਤੇ ਕੁਝ ਵੀ ਬਿਆਨਬਾਜ਼ੀ ਕਰਨ ਤੋਂ ਬਚਦੇ ਨਜ਼ਰ ਆਏ। ਵਾਇਨਾਡ ਸੀਟ ‘ਤੇ ਰਾਹੁਲ ਦਾ ਮੁਕਾਬਲਾ ਐਲਡੀਐਫ ਦੇ ਉਮੀਦਵਾਰ ਪੀਪੀ ਸੁਨੀਰ ਤੇ ਐਨਡੀਏ ਉਮੀਦਵਾਰ ਭਾਰਤ ਧਰਮ ਸੈਨਾ ਦੇ ਪ੍ਰਧਾਨ ਤੁਸ਼ਾਰ ਵੇਲਾਪੱਲੀ ਨਾਲ ਹੈ।