ਨਵੀਂ ਦਿੱਲੀ: ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਹੁਲ ਗਾਂਧੀ ਨੇ ਅਰਥਚਾਰੇ ਦੇ ਹਾਲਾਤ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ 'ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਇਲਜ਼ਾਮ ਲਾਇਆ ਹੈ ਕਿ ਮੋਦੀ ਦੀ ਵੰਡਣ ਵਾਲੀ ਰਾਜਨੀਤੀ ਕਾਰਨ ਭਾਰਤ ਦਾ ਬੈਂਕ ਕ੍ਰੈਡਿਟ ਵਾਧਾ 63 ਸਾਲ ਤੇ ਰੁਜਗਾਰ ਦੇ ਮੌਕੇ ਪਿਛਲੇ ਅੱਠ ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਏ ਹਨ। ਰਾਹੁਲ ਨੇ ਕੁੱਲ ਘਰੇਲੂ ਉਤਪਾਦਨ ਯਾਨੀ GDP ਨੂੰ Gross Divisive Politics ਦਾ ਨਾਂ ਦਿੱਤਾ ਹੈ।


ਰਾਹੁਲ ਨੇ ਜੀ.ਡੀ.ਪੀ. ਨੂੰ ਨਵਾਂ ਨਾਂ ਦਿੰਦਿਆਂ ਕੁਝ ਅੰਕੜਿਆਂ ਦਾ ਹਵਾਲਾ ਦਿੱਤਾ ਕਿ ਦੇਸ਼ ਵਿੱਚ ਨਵਾਂ ਨਿਵੇਸ਼ ਬੀਤੇ 13 ਸਾਲਾਂ ਤੋਂ ਸਭ ਤੋਂ ਹੇਠਲੇ ਪੱਧਰ 'ਤੇ ਹੈ। ਇਸ ਦੇ ਨਾਲ ਹੀ ਕਰਜ਼ ਕਾਰੋਬਾਰ ਵਿੱਚ ਵਾਧਾ 63 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਹੈ।

ਕਾਂਗਰਸ ਦੇ ਪ੍ਰਧਾਨ ਨੇ ਲਿਖਿਆ ਕਿ ਨੌਕਰੀਆਂ ਦੇ ਮੌਕੇ ਬੀਤੇ ਅੱਠ ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਚਲੇ ਗਏ ਹਨ। ਉਨ੍ਹਾਂ ਜੀ.ਡੀ.ਪੀ. ਵਿੱਚ ਖੇਤੀ ਵਸਤਾਂ ਦੀ ਪੈਦਾਵਾਰ ਦੇ ਹਿੱਸੇ ਵਿੱਚ 1.7 ਫ਼ੀਸਦੀ ਦਾ ਘਾਟਾ ਹੋਣ ਦੀ ਗੱਲ ਵੀ ਕਹੀ ਹੈ।

ਇਸੇ ਦੌਰਾਨ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਆਰਥਕ ਮੰਦੀ ਪਸਰਨ ਦਾ ਜੋ ਡਰ ਬਣਿਆ ਹੋਇਆ ਸੀ, ਉਹ ਸੱਚ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅੰਕੜੇ ਸਾਫ ਕਰ ਰਹੇ ਹਨ ਕਿ ਕਿਸ ਤਰ੍ਹਾਂ ਵਿਕਾਸ ਦਰ ਹੇਠਾਂ ਜਾ ਰਹੀ ਹੈ।

ਹਾਲਾਂਕਿ, ਭਾਜਪਾ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕਰਦਿਆਂ ਕਿਹਾ ਕਿ ਮੋਦੀ ਦੀ ਅਗਵਾਈ ਵਿੱਚ ਦੇਸ਼ ਨੇ ਕਈ ਨਵੀਂਆਂ ਆਰਥਕ ਉਪਲਬਧੀਆਂ ਹਾਸਲ ਕੀਤੀਆਂ ਹਨ। ਭਾਜਪਾ ਦੇ ਬੁਲਾਰੇ ਜੀ.ਵੀ.ਐਲ. ਨਰਸਿਮ੍ਹਾ ਰਾਵ ਨੇ ਰਾਹੁਲ ਦੇ ਟਵੀਟ 'ਤੇ ਪਲਟਵਾਰ ਕਰਦਿਆਂ ਉਨ੍ਹਾਂ ਨੂੰ ਨਿਰਾਸ਼ਾਵਾਦੀ ਕਰਾਰਾ ਦਿੱਤਾ।