ਨਵੀਂ ਦਿੱਲੀ: ਭਾਰਤ 'ਚ ਸ਼ਨੀਵਾਰ ਕੋਰੋਨਾ ਵਾਇਰਸ ਦੇ ਚਾਰ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਅਜਿਹੇ 'ਚ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕਿਹਾ ਕਿ ਇੱਥੋਂ ਦੀ ਸਥਿਤੀ ਤੋਂ ਪੂਰੀ ਦੁਨੀਆਂ ਫਿਕਰਮੰਦ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਦੂਜੀ ਲਹਿਰ ਜਾਰੀ ਸੀ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ-19 ਖਿਲਾਫ ਜੰਗ ਜਿੱਤਣ ਦਾ ਸਾਰਾ ਸਿਹਰਾ ਖੁਦ ਦੇ ਸਿਰ ਬੰਨਿਆ ਤੇ ਹੁਣ ਉਹ ਗੇਂਦ ਸੂਬਿਆਂ ਦੇ ਪਾਲੇ 'ਚ ਸੁੱਟ ਰਹੇ ਹਨ।
ਰਾਹੁਲ ਗਾਂਧੀ ਨੇ ਕਿਹਾ, 'ਆਤਮਨਿਰਭਰ ਬਣਨ ਦਾ ਉਦੇਸ਼ ਹੈ, ਕੋਈ ਤੁਹਾਡੀ ਸਹਾਇਤਾ ਲਈ ਨਹੀਂ ਆਵੇਗਾ, ਪ੍ਰਧਾਨ ਮੰਤਰੀ ਵੀ ਨਹੀਂ। ਉਨ੍ਹਾਂ ਇਲਜ਼ਾਮ ਲਾਇਆ ਕਿ ਮੋਦੀ ਸਰਕਾਰ ਲਈ ਕੋਵਿਡ-19 ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਤੋਂ ਬਾਹਰ ਹੋ ਗਈ ਹੈ ਤੇ ਹੈਰਾਨੀ ਜਤਾਈ ਕਿ ਕੀ ਸੂਬਿਆਂ ਤੇ ਨਾਗਰਿਕਾਂ ਨੂੰ ਆਤਮਨਿਰਭਰ ਬਣਾਉਣ ਦਾ ਉਨ੍ਹਾਂ ਦਾ ਇਹ ਤਰੀਕਾ ਹੈ।' ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਲਜ਼ਾਮ ਲਾਏ ਕਿ ਸਰਕਾਰ ਸ਼ੁਰੂਆਤ ਤੋਂ ਹੀ ਕੋਵਿਡ-19 ਨੂੰ ਸਮਝਣ ਤੇ ਉਸ ਨਾਲ ਨਜਿੱਠਣ 'ਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਜਦਕਿ ਵਿਗਿਆਨੀਆਂ ਨੇ ਵੀ ਵਾਰ-ਵਾਰ ਚੇਤਾਵਨੀ ਦਿੱਤੀ ਸੀ।
ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਦਿਆਂ ਰਾਹੁਲ ਗਾਂਧੀ ਨੇ ਕਿਹਾ ਭਾਰਤ ਦੁਨੀਆਂ 'ਚ ਪਹਿਲਾ ਦੇਸ਼ ਹੈ ਜੋ ਮਾਹਿਰਾਂ ਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਸਮੂਹ ਦੇ ਦਿਸ਼ਾ ਨਿਰਦੇਸ਼ ਤੋਂ ਬਿਨਾਂ ਇਸ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ। ਮਾਹਿਰਾਂ ਤੇ ਵਿਸ਼ੇਸ਼ ਅਧਿਕਾਰ ਸਮੂਹ ਤੇ ਵਾਇਰਸ ਨਾਲ ਲੜਨ ਤੇ ਲੋਕਾਂ ਦੀ ਰੱਖਿਆ ਕਰਨ, ਅੱਗੇ ਦੀਆਂ ਯੋਜਨਾਵਾਂ ਬਣਾਉਣ, ਲੋੜਵੰਦਾਂ ਨੂੰ ਸਮਝਦਿਆਂ ਫੈਸਲੇ ਲੈਣ ਦਾ ਅਧਿਕਾਰ ਹੁੰਦਾ ਹੈ ਤਾਂ ਕਿ ਜ਼ਿੰਦਗੀਆਂ ਬਚਾਉਣ ਲਈ ਕਾਰਵਾਈ ਕੀਤੀ ਜਾ ਸਕੇ।
ਰਾਹੁਲ ਨੇ ਕਿਹਾ, 'ਉਨ੍ਹਾਂ ਵਧਦੇ ਮਾਮਲਿਆਂ ਦੀ ਲਗਾਤਾਰ ਅਣਦੇਖੀ ਕੀਤੀ ਤੇ ਚੋਣ ਪ੍ਰਚਾਰ 'ਚ ਵਿਅਸਤ ਰਹੇ। ਉਨ੍ਹਾਂ ਵਾਇਰਸ ਫੈਲਾਉਣ ਵਾਲੇ ਪ੍ਰੋਗਰਾਮਾਂ ਨੂੰ ਬੜਾਵਾ ਦਿੱਤਾ। ਪਿਛਲੇ ਕੁਝ ਦਿਨਾਂ 'ਚ ਸਾਡੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਜਨਤਕ ਥਾਵਾਂ 'ਤੇ ਵੀ ਮਾਸਕ ਲਾਏ ਨਜ਼ਰ ਨਹੀਂ ਆਏ। ਉਹ ਕਿਸ ਤਰ੍ਹਾਂ ਦਾ ਸੰਦੇਸ਼ ਲੋਕਾਂ ਨੂੰ ਦੇ ਰਹੇ ਸਨ? ਉਹ ਹਾਲ ਹੀ 'ਚ ਪੰਜ ਸੂਬਿਆਂ ਪੱਛਮੀ ਬੰਗਾਲ, ਅਸਮ, ਕੇਰਲ, ਤਾਮਿਲਨਾਡੂ ਤੇ ਪੁੱਦੂਚੇਰੀ 'ਚ ਹੋਈਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰ ਰਹੇ ਸਨ।'