Rahul Gandhi PC: ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੀਐਮ ਮੋਦੀ ਨੇ ਸੰਸਦ ਵਿੱਚ 2 ਘੰਟੇ 13 ਮਿੰਟ ਤਕ ਭਾਸ਼ਣ ਦਿੱਤਾ, ਜਿਸ ਦੇ ਅਖੀਰ ਵਿੱਚ ਉਨ੍ਹਾਂ ਨੇ ਦੋ ਮਿੰਟ ਮਣੀਪੁਰ ਬਾਰੇ ਗੱਲ ਕੀਤੀ। ਮਣੀਪੁਰ ਵਿੱਚ ਕਈ ਮਹੀਨਿਆਂ ਤੋਂ ਅੱਗ ਲੱਗੀ ਹੋਈ ਹੈ, ਕਤਲ ਅਤੇ ਬਲਾਤਕਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪ੍ਰਧਾਨ ਮੰਤਰੀ ਕੱਲ੍ਹ ਸਦਨ ਵਿੱਚ ਹੱਸ ਰਹੇ ਸਨ, ਚੁਟਕਲੇ ਸੁਣਾ ਰਹੇ ਸਨ। ਇਹ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ। ਵਿਸ਼ਾ ਕਾਂਗਰਸ ਜਾਂ ਮੈਂ ਨਹੀਂ ਸੀ, ਮਣੀਪੁਰ ਸੀ।


ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸਦਨ ਵਿੱਚ ਇਦਾਂ ਹੀ ਨਹੀਂ ਕਹਿ ਦਿੱਤਾ ਸੀ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਭਾਰਤ ਮਾਤਾ ਦਾ ਕਤਲ ਕਰ ਦਿੱਤਾ ਹੈ। ਮਣੀਪੁਰ ਵਿੱਚ ਸਾਨੂੰ ਮੈਤੇਈ ਇਲਾਕੇ ਵਿੱਚ ਕਿਹਾ ਗਿਆ ਸੀ ਕਿ ਜੇਕਰ ਤੁਹਾਡੀ ਸੁਰੱਖਿਆ ਟੀਮ ਵਿੱਚ ਕੋਈ ਕੁਕੀ ਆਉਂਦਾ ਹੈ, ਤਾਂ ਅਸੀਂ ਉਸ ਨੂੰ ਮਾਰ ਦੇਵਾਂਗੇ, ਕੁਕੀ ਖੇਤਰ ਵਿੱਚ ਮੈਤੇਈ ਭਾਈਚਾਰੇ ਦੇ ਬੰਦਿਆਂ ਲਈ ਇਹ ਗੱਲ ਕਹੀ ਗਈ ਸੀ। ਸੂਬੇ ਦਾ ਕਤਲ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਵੰਡ ਦਿੱਤਾ ਗਿਆ ਹੈ। ਇਸੇ ਲਈ ਮੈਂ ਕਿਹਾ ਕਿ ਭਾਜਪਾ ਨੇ ਮਣੀਪੁਰ ਵਿੱਚ ਭਾਰਤ ਦਾ ਕਤਲ ਕੀਤਾ ਹੈ।


"ਫੌਜ ਦੋ ਦਿਨਾਂ ਵਿੱਚ ਸਭ ਕੁਝ ਬੰਦ ਕਰ ਸਕਦੀ ਹੈ"


ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਹੀਂ ਜਾ ਸਕਦੇ ਤਾਂ ਘੱਟੋ-ਘੱਟ ਉਹ ਬੋਲਣ ਤਾਂ ਸਹੀ। ਭਾਰਤੀ ਫੌਜ 2 ਦਿਨਾਂ ਵਿੱਚ ਇਸ ਨਾਟਕ ਨੂੰ ਰੋਕ ਸਕਦੀ ਹੈ ਪਰ ਪ੍ਰਧਾਨ ਮੰਤਰੀ ਮਣੀਪੁਰ ਨੂੰ ਸਾੜਨਾ ਚਾਹੁੰਦੇ ਹਨ ਅਤੇ ਅੱਗ ਬੁਝਾਉਣਾ ਨਹੀਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ 19 ਸਾਲਾਂ ਦੇ ਤਜ਼ਰਬੇ 'ਚ ਮੈਂ ਮਣੀਪੁਰ 'ਚ ਜੋ ਦੇਖਿਆ ਅਤੇ ਸੁਣਿਆ, ਉਹ ਕਦੇ ਨਹੀਂ ਦੇਖਿਆ ਸੀ। ਮੈਂ ਸੰਸਦ ਵਿੱਚ ਜੋ ਕਿਹਾ ਉਹ ਖੋਖਲੇ ਸ਼ਬਦ ਨਹੀਂ ਹਨ। ਪਹਿਲੀ ਵਾਰ ਸੰਸਦ ਦੇ ਰਿਕਾਰਡ ਤੋਂ 'ਭਾਰਤ ਮਾਤਾ' ਸ਼ਬਦ ਨੂੰ ਹਟਾਇਆ ਗਿਆ, ਇਹ ਅਪਮਾਨ ਹੈ। ਹੁਣ ਤੁਸੀਂ ਸੰਸਦ ਵਿੱਚ ਭਾਰਤ ਮਾਤਾ ਸ਼ਬਦ ਨਹੀਂ ਬੋਲ ਸਕਦੇ।


ਇਹ ਵੀ ਪੜ੍ਹੋ: Himachal news: ਚੰਬਾ 'ਚ ਪੁਲਿਸ ਜਵਾਨਾਂ ਦੀ ਗੱਡੀ ਨਾਲ ਵਾਪਰਿਆ ਭਿਆਨਕ ਹਾਦਸਾ, 7 ਦੀ ਮੌਤ, 4 ਜ਼ਖ਼ਮੀ


ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ


ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਘੱਟੋ-ਘੱਟ ਮਣੀਪੁਰ ਜਾ ਸਕਦੇ ਸਨ, ਭਾਈਚਾਰਿਆਂ ਨਾਲ ਗੱਲ ਕਰ ਸਕਦੇ ਸਨ ਅਤੇ ਕਹਿੰਦੇ ਕਿ ਮੈਂ ਤੁਹਾਡਾ ਪ੍ਰਧਾਨ ਮੰਤਰੀ ਹਾਂ, ਆਓ ਗੱਲ ਸ਼ੁਰੂ ਕਰੀਏ, ਪਰ ਮੈਨੂੰ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਜ਼ਰ ਨਹੀਂ ਆਉਂਦਾ। ਸਵਾਲ ਇਹ ਨਹੀਂ ਹੈ ਕਿ ਕੀ ਪ੍ਰਧਾਨ ਮੰਤਰੀ ਮੋਦੀ 2024 ਵਿੱਚ ਪ੍ਰਧਾਨ ਮੰਤਰੀ ਬਣ ਜਾਣਗੇ, ਸਵਾਲ ਮਣੀਪੁਰ ਦਾ ਹੈ ਜਿੱਥੇ ਬੱਚੇ ਅਤੇ ਲੋਕ ਮਾਰੇ ਜਾ ਰਹੇ ਹਨ।


"ਪ੍ਰਧਾਨ ਮੰਤਰੀ ਦਾ ਭਾਸ਼ਣ ਆਪਣੇ ਬਾਰੇ ਸੀ"


ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦੀ ਰਾਜਨੀਤੀ ਕਾਰਨ ਇੱਕ ਸੂਬਾ ਬਰਬਾਦ ਹੋ ਗਿਆ ਹੈ। ਇਸੇ ਲਈ ਮੈਂ ਕਿਹਾ ਕਿ ਮਣੀਪੁਰ ਵਿੱਚ ਭਾਰਤ ਮਾਤਾ ਦਾ ਕਤਲ ਹੋਇਆ ਹੈ। ਪੀਐਮ ਨੇ ਮਣੀਪੁਰ ਦੀਆਂ ਔਰਤਾਂ ਦਾ ਮਜ਼ਾਕ ਉਡਾਇਆ। ਪ੍ਰਧਾਨ ਮੰਤਰੀ ਸਾਡੇ ਪ੍ਰਤੀਨਿਧੀ ਹਨ। ਉਨ੍ਹਾਂ ਨੂੰ ਦੋ ਘੰਟੇ ਤੱਕ ਕਾਂਗਰਸ ਦਾ ਮਜ਼ਾਕ ਉਡਾਉਂਦਿਆਂ ਦੇਖਣਾ ਠੀਕ ਨਹੀਂ ਲੱਗਿਆ। ਮੈਂ ਵਾਜਪਾਈ, ਦੇਵਗੌੜਾ ਨੂੰ ਦੇਖਿਆ ਹੈ, ਉਹ ਅਜਿਹਾ ਨਹੀਂ ਕਰਦੇ ਸਨ। ਪ੍ਰਧਾਨ ਮੰਤਰੀ ਦਾ ਭਾਸ਼ਣ ਭਾਰਤ ਬਾਰੇ ਨਹੀਂ ਸਗੋਂ ਆਪਣੇ ਬਾਰੇ ਸੀ।


"ਸਾਡਾ ਕੰਮ ਨਹੀਂ ਬਦਲੇਗਾ"


ਉਨ੍ਹਾਂ ਕਿਹਾ ਕਿ ਮਣੀਪੁਰ 'ਚ ਭਾਰਤ ਮਾਤਾ ਦਾ ਕਤਲ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਆਪਣੇ ਨਾਅਰੇ ਲਵਾ ਰਹੇ ਸਨ। ਹਜ਼ਾਰਾਂ ਹਥਿਆਰਾਂ ਦੀ ਲੁੱਟ ਮੁੱਖ ਮੰਤਰੀ ਦੇ ਅਧੀਨ ਹੀ ਹੋਈ, ਤਾਂ ਕੀ ਗ੍ਰਹਿ ਮੰਤਰੀ ਚਾਹੁੰਦੇ ਹਨ ਕਿ ਇਹ ਸਭ ਜਾਰੀ ਰਹੇ? ਜੇਕਰ ਉਹ (ਸਰਕਾਰ) ਸਾਡੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦੇਵੇ ਤਾਂ ਵੀ ਸਾਡਾ ਕੰਮ ਨਹੀਂ ਬਦਲੇਗਾ। ਸਾਡਾ ਕੰਮ ਮਣੀਪੁਰ ਵਿੱਚ ਹਿੰਸਾ ਨੂੰ ਰੋਕਣਾ ਹੈ।


ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਮੀਡੀਆ ਕੰਟਰੋਲ 'ਚ ਹੈ, ਰਾਜ ਸਭਾ, ਲੋਕ ਸਭਾ ਟੀਵੀ ਦੇ ਕੰਟਰੋਲ 'ਚ ਹੈ, ਪਰ ਮੈਂ ਆਪਣਾ ਕੰਮ ਕਰ ਰਿਹਾ ਹਾਂ ਅਤੇ ਕਰਦਾ ਰਹਾਂਗਾ। ਜਿੱਥੇ ਵੀ ਭਾਰਤ ਮਾਤਾ 'ਤੇ ਹਮਲਾ ਹੋਵੇਗਾ, ਤੁਸੀਂ ਮੈਨੂੰ ਉੱਥੇ ਭਾਰਤ ਮਾਤਾ ਦੀ ਰੱਖਿਆ ਕਰਦਿਆਂ ਹੋਇਆਂ ਵੇਖੋਗੇ।


ਇਹ ਵੀ ਪੜ੍ਹੋ: Raghav Chadha Suspended: AAP ਸੰਸਦ ਮੈਂਬਰ ਰਾਘਵ ਚੱਢਾ ਰਾਜ ਸਭਾ ਤੋਂ ਮੁਅੱਤਲ, ਜਾਣੋ ਪੂਰਾ ਮਾਮਲਾ