ਜਦੋਂ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਮੈਂ ਕਾਂਗਰਸ ਪ੍ਰਧਾਨ ਨਹੀਂ, ਮੈਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੋ ਟੁਕ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਦੱਸ ਦੇਈਏ ਮੰਗਲਵਾਰ ਨੂੰ ਦਿਨ ਭਰ ਕਾਂਗਰਸ ਪ੍ਰਧਾਨ ਨੂੰ ਲੈ ਕੇ ਗਹਿਮਾ-ਗਹਿਮੀ ਰਹੀ। ਜਿਨ੍ਹਾਂ ਨਾਵਾਂ 'ਤੇ ਚਰਚਾ ਹੋਈ, ਉਨ੍ਹਾਂ ਵਿੱਚ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਗਾਂਧੀ ਪਰਿਵਾਰ ਦੇ ਭਰੋਸੇਮੰਦ ਲੋਕਾਂ ਵਿੱਚੋਂ ਸੁਸ਼ੀਲ ਕੁਮਾਰ ਸ਼ਿੰਦੇ ਦਾ ਨਾਂ ਰੇਸ ਵਿੱਚ ਸਭ ਤੋਂ ਅੱਗੇ ਹੈ।
ਇਸ ਦੇ ਇਲਾਵਾ ਇੱਕ ਦਲਿਤ ਚਿਹਰਾ ਤੇ ਪਿਛਲੀ ਲੋਕ ਸਭਾ ਵਿੱਚ ਕਾਂਗਰਸ ਦੇ ਲੀਡਰ ਰਹੇ ਮੱਲਿਕਾਰਜੁਨ ਖੜਗੇ ਵੀ ਪ੍ਰਧਾਨਗੀ ਦੀ ਰੇਸ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਨੌਜਵਾਨ ਚਿਹਰਿਆਂ ਵਿੱਚ ਸਚਿਨ ਪਾਇਲਟ ਦਾ ਨਾਂ ਸਾਹਮਣੇ ਆ ਰਿਹਾ ਹੈ।
ਦੱਸ ਦੇਈਏ ਪਿਛਲੇ ਦਿਨੀਂ ਕੁਝ ਲੀਡਰਾਂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਜਿਸ ਵਿੱਚ ਉਨ੍ਹਾਂ ਲੀਡਰਾਂ ਨੇ ਸੋਨੀਆ ਨੂੰ ਅਪੀਲ ਕੀਤੀ ਸੀ ਕਿ ਉਹ ਰਾਹੁਲ ਗਾਂਧੀ ਨੂੰ ਮਨਾਉਣ। ਸੂਤਰਾਂ ਮੁਤਾਬਕ ਉਸ ਦੇ ਜਵਾਬ ਵਿੱਚ ਸੋਨੀਆ ਗਾਂਧੀ ਨੇ ਕੋਈ ਦਖ਼ਲ ਨਾ ਦੇਣੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਰਾਹੁਲ ਦਾ ਆਪਣਾ ਫੈਸਲਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਲਈ ਨਵੇਂ ਪ੍ਰਧਾਨ ਦਾ ਐਲਾਨ ਜਲਦ ਹੋ ਜਾਏਗਾ।