ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਕਾਂਗਰਸ ਦੇ ਕੌਮੀ ਪ੍ਰਧਾਨ ਤੋਂ ਅਸਤੀਫ਼ਾ ਦੇ ਚੁੱਕੇ ਰਾਹੁਲ ਗਾਂਧੀ ਆਪਣਾ ਅਸਤੀਫ਼ਾ ਵਾਪਸ ਲੈਣ ਦੇ ਮੂਡ ਵਿੱਚ ਨਹੀਂ ਹਨ। ਸੂਤਰਾਂ ਮੁਤਾਬਕ, ਰਾਹੁਲ ਗਾਂਧੀ ਨੇ ਹਾਲੇ ਤਕ ਆਪਣਾ ਅਸਤੀਫ਼ਾ ਵਾਪਸ ਨਹੀਂ ਲਿਆ ਹੈ ਅਤੇ ਉਹ ਵਾਪਸ ਵੀ ਨਹੀਂ ਲੈਣਗੇ। ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਦਾ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰ ਦਾ ਹੋਵੇ।


ਸੂਤਰਾਂ ਮੁਤਾਬਕ ਕਾਂਗਰਸ ਹੁਣ ਕਾਰਜਕਾਰੀ ਪ੍ਰਧਾਨ ਜਾਂ ਪਾਰਟੀ ਚਲਾਉਣ ਲਈ ਇੱਕ ਗਰੁੱਪ ਬਣਾ ਸਕਦੀ ਹੈ। ਇਸ 'ਤੇ ਫੈਸਲਾ ਜਲਦੀ ਲਿਆ ਜਾਵੇਗਾ। 17 ਜੂਨ ਤੋਂ ਸੰਸਦ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਇਸ ਬਾਰੇ ਆਖਰੀ ਫੈਸਲਾ ਲਿਆ ਜਾਵੇਗਾ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਦੇ ਵਾਇਨਾਡ ਤੋਂ ਵਾਪਸ ਪਰਤਣ 'ਤੇ ਇਹ ਮਾਮਲਾ ਕਿਸੇ ਤਣ ਪੱਤਣ ਲੱਗ ਸਕਦਾ ਹੈ।

ਨਿਊਜ਼ ਏਜੰਸੀ ਆਈਐਨਐਸ ਮੁਤਾਬਕ ਪਾਰਟੀ ਨੇ ਤਿੰਨ ਕਾਰਜਕਾਰੀ ਪ੍ਰਧਾਨ ਲਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ। ਕਿਹਾ ਗਿਆ ਹੈ ਕਿ ਉੱਤਰ, ਦੱਖਣ ਅਤੇ ਪੂਰਬੀ ਭਾਰਤ ਵਿੱਚੋਂ ਇੱਕ-ਇੱਕ ਅਤੇ ਚੌਥਾ ਪ੍ਰਧਾਨ ਪੱਛਮੀ ਭਾਰਤ ਵਿੱਚੋਂ ਵੀ ਚੁਣਿਆ ਜਾਵੇ ਤਾਂ ਇਸ ਵਿੱਚ ਕੋਈ ਹਰਜ਼ ਨਹੀਂ ਹੈ।