ਚੰਡੀਗੜ੍ਹ: ਪਾਕਿਸਤਾਨ ਵਿੱਚ ਹਵਾਈ ਫ਼ੌਜ ਵੱਲੋਂ ਕੀਤੀ ਏਅਰਸਟ੍ਰਾਈਕ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਲੋਕਪ੍ਰਿਅਤਾ ਦਾ ਗ੍ਰਾਫ ਹੇਠਾਂ ਵੱਲ ਆ ਗਿਆ ਹੈ। ਉੱਧਰ, ਪੀਐਮ ਖ਼ੁਦ ਮੋਦੀ ਵੀ ਕਾਂਗਰਸ ’ਤੇ ਇਸ ਬਾਰੇ ਹਮਲਾ ਬੋਲਣ ਦਾ ਕੋਈ ਮੌਕਾ ਨਹੀਂ ਛੱਡ ਰਹੇ। ‘ਏਬੀਪੀ ਨਿਊਜ਼’ ਤੇ ਸੀ-ਵੋਟਰ ਦੇ ਸਾਂਝੇ ਸਰਵੇਖਣ ਦੌਰਾਨ ਪੂਰੇ ਦੇਸ਼ ਵਿੱਚੋਂ 50,740 ਲੋਕਾਂ ਨਾਲ ਗੱਲਬਾਤ ਕੀਤੀ ਗਈ।


ਸਰਵੇਖਣ ਮੁਤਾਬਕ ਨਰੇਂਦਰ ਮੋਦੀ ਦੇ ਪੀਐਮ ਬਣਨ ਬਾਅਦ 2015 ਵਿੱਚ ਰਾਹਲ ਗਾਂਧੀ ਦੀ ਲੋਕਪ੍ਰਿਅਤਾ 13 ਫੀਸਦੀ ਸੀ ਜਦਕਿ 2016 ਵਿੱਚ ਇਹ ਘਟ ਕੇ 12 ਫੀਸਦੀ ਤੇ 2017 ’ਚ 10 ਫੀਸਦੀ ਰਹਿ ਗਈ ਸੀ। ਇਸ ਦਾ ਮਤਲਬ ਇਹ ਕਿ 2015 ਤੋਂ ਲੈਕੇ 2017 ਤਕ ਰਾਹੁਲ ਗਾਂਧੀ ਦੀ ਲੋਕਪ੍ਰਿਅਤਾ ਵਿੱਚ ਕੋਈ ਵਾਧਾ ਨਹੀਂ ਹੋਇਆ।

ਹਾਲਾਂਕਿ ਪਿਛਲੇ ਸਾਲ ਜਨਵਰੀ 2018 ਵਿੱਚ ਰਾਹੁਲ ਗਾਂਧੀ ਦੀ ਲੋਕਪ੍ਰਿਅਤਾ 13 ਫੀਸਦੀ ਤਕ ਪਹੁੰਚ ਗਈ ਸੀ ਜਦਕਿ ਅਕਤੂਬਰ ਵਿੱਚ ਸਿੱਧਾ 10 ਫੀਸਦੀ ਤੋਂ ਵਧ ਕੇ 23 ਫੀਸਦੀ ਤਕ ਚਲੀ ਗਈ ਸੀ। ਇਸ ਤੋਂ ਬਾਅਦ ਫਿਰ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਹਮਲੇ ਵਾਲੇ ਦਿਨ ਰਾਹੁਲ ਦੀ ਲੋਕਪ੍ਰਿਅਤਾ 23 ਫੀਸਦੀ ਸੀ ਪਰ 26 ਫਰਵਰੀ ਨੂੰ ਜਦੋਂ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਵਿੱਚ ਏਅਰ ਸਟ੍ਰਾਈਕ ਕੀਤੀ ਤਾਂ ਰਾਹੁਲ ਗਾਂਧੀ ਦੀ ਲੋਕਪ੍ਰਿਅਤਾ ਘਟ ਕੇ 19 ਫੀਸਦੀ ਤਕ ਪਹੁੰਚ ਗਈ। ਕੱਲ੍ਹ ਯਾਨੀ 4 ਮਾਰਚ ਨੂੰ ਰਾਹੁਲ ਦੀ ਲੋਕਪ੍ਰਿਅਤਾ ਸਿਰਫ 16 ਫੀਸਦੀ ਦਰਜ ਕੀਤੀ ਗਈ।

ਇਸ ਸਾਲ ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਨਾਲ-ਨਾਲ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਅਜਿਹੇ ਵਿੱਚ ਰਾਹੁਲ ਦੀ ਲੋਕਪ੍ਰਿਅਤਾ ਦਾ ਘਟ ਰਿਹਾ ਗ੍ਰਾਫ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਹੈ।