ਰਾਹੁਲ ਨੇ ਕਿਹਾ GST ਦਾ ਟੈਕਸ ਮੈਂ ਘਟਵਾਇਆ!
ਏਬੀਪੀ ਸਾਂਝਾ | 11 Nov 2017 03:13 PM (IST)
ਗਾਂਧੀ ਨਗਰ: ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜ ਵਿਚ ਤਿੰਨ ਦਿਨਾਂ ਦੌਰੇ 'ਤੇ ਪਹੁੰਚੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਜੀ.ਐਸ.ਟੀ. ਨੂੰ ਲੈ ਕੇ ਬੀਤੇ ਦਿਨ ਕੀਤੇ ਗਏ ਸਰਕਾਰ ਦੇ ਐਲਾਨ 'ਤੇ ਕਿਹਾ ਕਿ ਚੰਗੀ ਗੱਲ ਹੈ ਕਿ ਕਾਂਗਰਸ ਪਾਰਟੀ ਤੇ ਹਿੰਦੁਸਤਾਨ ਦੀ ਜਨਤਾ ਨੇ ਭਾਜਪਾ 'ਤੇ ਦਬਾਅ ਪਾ ਕੇ 28 ਫ਼ੀਸਦੀ ਤੋਂ ਕਾਫੀ ਵਸਤੂਆਂ 18 ਫ਼ੀਸਦੀ 'ਚ ਕਰਵਾਈਆਂ। ਉਨ੍ਹਾਂ ਨੇ ਕਿਹਾ ਕਿ ਉਹ ਇਸ ਤੋਂ ਵੀ ਖ਼ੁਸ਼ ਨਹੀਂ ਹਨ। ਹਿੰਦੁਸਤਾਨ ਨੂੰ ਪੰਜ ਵੱਖ ਵੱਖ ਟੈਕਸ ਨਹੀਂ ਚਾਹੀਦੇ। ਇਕ ਟੈਕਸ ਚਾਹੀਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਦੀ ਤਰ੍ਹਾਂ ਹੀ ਜੀ.ਐਸ.ਟੀ. ਨੂੰ ਇੱਕ ਅਸਮਰੱਥ ਤੇ ਅਸੰਵੇਦਨਸ਼ੀਲ ਸਰਕਾਰ ਵੱਲੋਂ ਸੰਸਥਾਗਤ ਤਿਆਰੀ ਦੇ ਬਗੈਰ ਲਾਗੂ ਕੀਤਾ ਜਾ ਰਿਹਾ ਹੈ। ਭਾਰਤ ‘ਚ ਇਸ ਤਰ੍ਹਾਂ ਦੇ ਜੀ.ਐਸ.ਟੀ. ਨੂੰ ਲਿਆਏ ਜਾਣ ਦੀ ਜ਼ਰੂਰਤ ਹੈ, ਜੋ ਕਰੋੜਾਂ ਨਾਗਰਿਕਾਂ, ਛੋਟੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਇੰਨੀਂ ਚਿੰਤਾ ‘ਚ ਨਾ ਪਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਜੀ.ਐਸ.ਟੀ. ਦਾ ਵਿਰੋਧ ਨਹੀਂ ਕਰਦੀ, ਕਿਉਂਕਿ ਇਹ ਉਸ ਦੀ ਸੰਕਲਪਨਾ ਦਾ ਨਤੀਜਾ ਹੈ, ਪਰ ਇਸ ਨੂੰ ਲੈ ਕੇ ਜੋ ਗੜਬੜ ਹੈ, ਪਾਰਟੀ ਨੂੰ ਉਸ ‘ਤੇ ਇਤਰਾਜ਼ ਹੈ। ਦੱਸਣਯੋਗ ਹੈ ਕਾਂਗਰਸ ਵੱਲੋਂ ਜੀ.ਐਸ.ਟੀ ਦੇ ਮਿਡਨਾਈਟ ਸੈਸ਼ਨ ਦਾ ਵੀ ਬਾਈਕਾਟ ਕੀਤਾ ਗਿਆ ਸੀ। ਕਾਂਗਰਸ ਨੇ ਇਹ ਐਲਾਨ ਕੀਤਾ ਸੀ ਕਿ ਉਹ ਇਸ ਅੱਧੀ ਰਾਤ ਦੇ ਸੈਸ਼ਨ ਵਿੱਚ ਹਿੱਸਾ ਨਹੀਂ ਲਵੇਗੀ।