ਨਵੀਂ ਦਿੱਲੀ: ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਨੇ ਸੋਮਵਾਰ ਨੂੰ ਜਿਣਸੀ ਸੋਸ਼ਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਬਾਬਾ ਵਿਰੇਂਦਰ ਦੇਵ ਦੀਕਸ਼ਿਤ ਦੇ ਦਿੱਲੀ ਵਿੱਚ ਬਣੇ ਹੋਏ ਕਈ ਆਸ਼ਰਮਾਂ ਦਾ ਨਿਰੀਖਣ ਕੀਤਾ। ਕਮਿਸ਼ਨ ਨੂੰ ਖ਼ਦਸ਼ਾ ਹੈ ਕਿ ਦੀਕਸ਼ਿਤ ਮਨੁੱਖੀ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਹੋ ਸਕਦਾ ਹੈ।
ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਦੇ ਨਾਲ ਦਿੱਲੀ ਉੱਚ ਅਦਾਲਤ ਵੱਲੋਂ ਨਿਯੁਕਤ ਵਕੀਲ ਅਜੈ ਵਰਮਾ ਨੇ ਆਪਣੀ ਟੀਮ ਨਾਲ ਪੂਰਬੀ ਦਿੱਲੀ ਦੇ ਕਰਾਵਲ ਨਗਰ ਤੇ ਪੱਛਮੀ ਦਿੱਲੀ ਦੇ ਨਾਂਗਲੋਈ ਸਥਿਤ ਦੀਕਸ਼ਿਤ ਦੇ ਆਸ਼ਰਮਾਂ ਵਿੱਚ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ।
ਕਰਾਵਲ ਨਗਰ ਦੇ ਆਸ਼ਰਮ ਵਿੱਚੋਂ ਕਮਿਸ਼ਨ ਨੇ 6 ਕੁੜੀਆਂ ਮਿਲੀਆਂ ਜਿਨ੍ਹਾਂ ਨੂੰ ਅੰਦਰ ਤਾੜਿਆ ਹੋਇਆ ਸੀ। ਇਹ ਲੜਕੀਆਂ ਨਾਬਾਲਗ਼ ਜਾਪਦੀਆਂ ਸਨ। ਆਸ਼ਰਮ ਕਾਫੀ ਛੋਟੀ ਸੀ ਤੇ ਮਾਹੌਲ ਜੇਲ੍ਹਨੁਮਾ ਸੀ। ਕਮਿਸ਼ਨ ਨੇ ਦੱਸਿਆ ਕਿ ਇਸ ਆਸ਼ਰਮ ਦਾ ਰਜਿਸਟਰ ਵੀ ਠੀਕ ਤਰੀਕੇ ਨਾਲ ਬਣਾਇਆ ਨਹੀਂ ਸੀ ਗਿਆ, ਜਿਸ ਵਿੱਚ ਇਨ੍ਹਾਂ ਕੁੜੀਆਂ ਦਾ ਕੋਈ ਥਹੁ-ਪਤਾ ਨਹੀਂ ਸੀ ਦਰਜ ਤੇ ਨਾ ਹੀ ਇਹ ਲਿਖਿਆ ਹੋਇਆ ਸੀ ਕਿ ਉਹ ਇੱਥੇ ਕਿੰਨੇ ਸਮੇਂ ਤੋਂ ਰਹਿ ਰਹੀਆਂ ਸਨ।
ਕਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਨਾਂਗਲੋਈ ਸਥਿਤ ਆਸ਼ਰਮ ਦੇ ਨਜ਼ਦੀਕ ਵਸਦੇ ਲੋਕਾਂ ਦਾ ਕਹਿਣਾ ਹੈ ਕਿ ਅੱਜ ਸਵੇਰੇ ਹੀ ਇੱਥੋਂ ਤਕਰੀਬਨ 20 ਕੁੜੀਆਂ ਨੂੰ ਆਸ਼ਰਮ ਵਿੱਚੋਂ ਲਿਜਾਇਆ ਜਾ ਚੁੱਕਾ ਸੀ। ਕਮਿਸ਼ਨ ਨੇ ਇੱਥੇ ਤਕਰੀਬਨ 15 ਔਰਤਾਂ ਨਾਲ ਗੱਲਬਾਤ ਕੀਤੀ, ਪਰ ਉਨ੍ਹਾਂ ਵਿੱਚੋਂ ਕੋਈ ਵੀ ਨਾਬਾਲਗ ਨਹੀਂ ਸੀ।
ਇਸ 'ਤੇ ਕਮਿਸ਼ਨ ਮੁਖੀ ਮਾਲੀਵਾਲ ਨੇ ਦੱਸਿਆ, "ਅਜਿਹਾ ਜਾਪ ਰਿਹਾ ਹੈ ਕਿ ਜਿਵੇਂ ਬਾਬਾ ਮਨੁੱਖੀ ਤਸਕਰੀ ਦਾ ਗਿਰੋਹ ਚਲਾ ਰਿਹਾ ਹੋਵੇ। ਸੀ.ਬੀ.ਆਈ. ਨੂੰ ਦੀਕਸ਼ਿਤ ਵੱਲੋਂ ਦੇਸ਼ ਵਿੱਚ ਚਲਾਏ ਜਾ ਰਹੇ ਸਾਰੇ ਆਸ਼ਰਮਾਂ 'ਤੇ ਛਾਪੇ ਮਾਰਨੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਬੰਦ ਕਰਵਾਉਣਾ ਚਾਹੀਦਾ ਹੈ। ਛਾਪਿਆਂ ਵਿੱਚ ਦੇਰੀ ਕੀਤੀ ਗਈ ਤਾਂ ਬਾਬਾ ਨੂੰ ਆਪਣੇ ਕੰਮਾਂ 'ਤੇ ਪਰਦਾ ਪਾਉਣ ਦਾ ਸਮਾਂ ਮਿਲ ਜਾਵੇਗਾ।"
ਬੀਤੇ ਹਫਤੇ ਡੀ.ਸੀ.ਡਬਲਿਊ. ਨੇ ਦੀਕਸ਼ਿਤ ਵੱਲੋਂ ਚਲਾਏ ਜਾ ਰਹੇ ਦੇ ਵੱਖੋ-ਵੱਖ ਆਸ਼ਰਮਾਂ ਵਿੱਚੋ 45 ਨਾਬਾਲਗ਼ ਕੁੜੀਆਂ ਨੂੰ ਬਚਾਇਆ ਸੀ। ਆਸ਼ਰਮਾਂ ਵਿੱਚ ਅਧਿਆਤਮਕ ਸਿੱਖਿਆ ਦੇ ਨਾਂ 'ਤੇ ਨਾਬਾਲਗ਼ ਕੁੜੀਆਂ ਨੂੰ ਕਥਿਤ ਗ਼ੈਰ-ਕਾਨੂੰਨੀ ਢੰਗ ਨਾਲ ਰੱਖਿਆ ਹੋਇਆ ਸੀ। ਦਿੱਲੀ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਦੇ ਹੁਕਮ ਦੇ ਦਿੱਤੇ ਹਨ ਤੇ ਰੋਹਿਣੀ ਇਲਾਕੇ ਵਿੱਚ ਆਸ਼ਰਮ ਵਿੱਚ ਮਹਿਲਾਵਾਂ ਤੇ ਕੁੜੀਆਂ ਦੀਆਂ ਸ਼ਿਕਾਇਤਾਂ 'ਤੇ ਕਾਰਵਾਈ ਨਾ ਕਰਨ 'ਤੇ ਦਿੱਲੀ ਪੁਲਿਸ ਦੀ ਲਾਹ-ਪਾਹ ਵੀ ਕੀਤੀ। ਔਰਤਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਅਧਿਆਤਮਕ ਮਾਰਗਦਰਸ਼ਨ ਦੇ ਨਾਂ 'ਤੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਸੀ।