ਚੰਡੀਗੜ੍ਹ: ਕਾਂਗਰਸ ਲਗਾਤਾਰ ਆਪਣੇ ਕਲੇਸ਼ ਨੂੰ ਖ਼ਤਮ ਕਰਨ ਲਈ ਜੱਦੋ ਜਹਿਦ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਨਰਾਜ਼ਗੀ ਘਟਨ ਦੀ ਥਾਂ ਸਗੋਂ ਵਧਦੀ ਹੀ ਜਾ ਰਹੀ ਹੈ। ਹੁਣ ਕਾਂਗਰਸ ਨੇਤਾ ਰਾਜ ਬੱਬਰ ਨੇ ਜਿਸ ਤਰ੍ਹਾਂ ਖੁੱਲ੍ਹ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਾਰੀਫ਼ ਕੀਤੀ ਹੈ ਤੇ ਮੌਜੂਦਾ ਸਰਕਾਰੀ ਦੀ ਮਨਮੋਹਨ ਸਰਕਾਰ ਨਾਲ ਤੁਲਨਾ ਵੀ ਕੀਤੀ, ਇਸ ਤੋਂ ਇਹੀ ਲੱਗਦਾ ਹੈ ਕਿ ਕਾਂਗਰਸ ਦੇ ਨੇਤਾ ਆਪਣੀ ਪਾਰਟੀ ਤੋਂ ਖ਼ੁਸ਼ ਨਹੀਂ ਹਨ।
ਦਰਅਸਲ, ਕਾਂਗਰਸ ਨੇਤਾ ਰਾਜ ਬੱਬਰ ਨੇ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਪ੍ਰਧਾਨ ਮੰਤਰੀ ਜਨਧਨ ਯੋਜਨਾ ਦੀ ਤਾਰੀਫ਼ ਕਰਦੇ ਹੋਏ ਟਵੀਟ ਕੀਤਾ। ਇਸ ਟਵੀਟ ਵਿੱਚ ਉਨ੍ਹਾਂ ਨੇ ਮੌਜੂਦਾ ਸਰਕਾਰ ਦੀ ਮਨਮੋਹਨ ਸਿੰਘ ਸਰਕਾਰ ਨਾਲ ਤੁਲਨਾ ਕੀਤੀ। ਕਿਹਾ ਕਿ ਪ੍ਰਧਾਨ ਮੰਤਰੀ ਜਨਧਨ ਯੋਜਨਾ ਨੇ 8 ਸਾਲ ਪੂਰੇ ਕਰ ਲਏ ਹਨ। ਲੋਕਾਂ ਤੱਕ ਪੈਸਾ ਤੇ ਮਦਦ ਬਿਨ੍ਹਾਂ ਕਿਸੇ ਦਖ਼ਲ ਦੇ ਪਹੁੰਚ ਰਹੀ ਹੈ, ਇਹ ਕ੍ਰਾਂਤੀ ਹੈ।
ਮੋਦੀ ਸਰਕਾਰੀ ਦੀ ਨੀਤੀ ਤੇ ਪੱਖ ਵਿੱਚ ਗਾਏ ਸੋਹਲੇ
ਰਾਜ ਬੱਬਰ ਨੇ ਕਿਹਾ, ਇਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਖਾਤੇ ਮਹਿਲਾਵਾਂ ਦੇ ਹਨ। ਅਜਿਹੀ ਯੋਜਨਾ ਵਿੱਚ 'ਤੁਹਾਡਾ ਪੈਸਾ ਤੁਹਾਡੇ ਹੱਥ' ਮਨਮੋਹਨ ਸਿੰਘ ਸਰਕਾਰ ਨੇ ਵੀ ਸ਼ੁਰੂ ਕੀਤੀ ਸੀ ਹਾਲਾਂਕਿ, ਮੌਜੂਦਾ ਸਰਕਾਰ ਨੇ ਬੇਸ਼ੱਕ ਵਧੀਆ ਕੰਮ ਕੀਤਾ ਹੈ
ਜ਼ਿਕਰ ਕਰ ਦਈਏ ਕਿ ਕਾਂਗਰਸ ਦੇ ਰੁੱਸੇ ਆਗੂਆਂ ਨਾਲ ਪਾਰਟੀ ਦੀ ਹਾਈਕਮਾਨ ਨੇਤਾਵਾਂ ਨਾਲ ਬੰਦ ਕਮਰਾ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ ਪਰ ਹਾਲ ਦੀ ਘੜੀ ਇਸ ਦਾ ਕੋਈ ਵੀ ਅਸਰ ਹੁੰਦਾ ਵਿਖਾਈ ਨਹੀਂ ਦੇ ਰਿਹਾ। ਹੁਣ ਨੇਤਾ ਬਿਨ੍ਹਾਂ ਕਿਸੇ ਡਰ ਤੋਂ ਨਰੇਂਦਰ ਮੋਦੀ ਸਰਕਾਰ ਦੀ ਤਾਰੀਫ਼ ਕਰਨ ਲੱਗ ਗਏ ਹਨ।
ਇਸ ਤੋਂ ਸਭ ਭਲੀ ਭਾਂਤੀ ਜਾਣੂ ਹਨ ਕਿ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਨੂੰ ਲੈ ਕੇ ਵਿਵਾਦ ਘਟਣ ਦਾ ਨਾਂਅ ਨਹੀਂ ਲੈ ਰਿਹਾ। ਹੁਣ ਪਾਰਟੀ ਵਿੱਚ ਚੋਣ ਪ੍ਰਕਿਰਿਆ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗ ਗਏ ਗਨ। ਉੱਥੇ ਹੀ ਕਈ ਨੇਤਾ ਪਾਰਟੀ ਦੇ ਉੱਪਰਲੇ ਆਗੂਆਂ ਤੋਂ ਖ਼ਫ਼ਾ ਹੋ ਕੇ ਕਾਂਗਰਸ ਛੱਡਣ ਨੂੰ ਮਜਬੂਰ ਹੋ ਰਹੇ ਹਨ। ਇਸ ਦੌਰਾਨ ਕਈ ਆਗੂ ਆਪਣੇ-ਆਪਣੇ ਅੰਦਾਜ਼ ਵਿੱਚ ਸਮੇਂ-ਸਮੇਂ ਤੇ ਰੋਸ ਵਿਖਾ ਹੀ ਦਿੰਦੇ ਹਨ।
ਗ਼ੁਲਾਮ ਨਬੀ ਆਜ਼ਾਦ ਦੇ ਅਸਤੀਫ਼ੇ ਤੋਂ ਬਾਅਦ ਬਦਲੇ ਆਗੂਆਂ ਦੇ ਤੇਵਰ
ਹਾਲ ਹੀ ਵਿੱਚ ਕਾਂਗਰਸ ਦੇ ਸਿਖ਼ਰਲੇ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਕਾਂਗਰਸ ਨਾਲੋਂ ਅੱਧੀ ਸਦੀ ਪੁਰਾਣਾ ਨਾਤਾ ਤੋੜ ਲਿਆ ਸੀ, ਤੇ ਉਸ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਛੱਡਣ ਵਾਲਿਆਂ ਦੀ ਗਿਣਤੀ ਕਰਨੀ ਦੀ ਔਖੀ ਹੋ ਰਹੀ ਹੈ। ਕਈ ਨੇਤਾਵਾਂ ਦੇ ਪਹਿਲਾਂ ਨਾਲੋਂ ਤੇਵਰ ਬਦਲੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਰਾਜ ਬੱਬਰ ਲੰਬੇ ਸਮੇਂ ਤੋਂ ਕਾਂਗਰਸ ਵਿੱਚ ਸ਼ਾਮਲ ਹਨ। ਫਿਲਹਾਲ ਉਹ ਪਾਰਟੀ ਵਿੱਚ ਕਿਸੇ ਵੀ ਅਹੁਦੇ ਤੇ ਹਨ ਪਰ ਕਾਂਗਰਸ ਤੋਂ ਬਾਗ਼ੀ ਚੱਲ ਰਹੇ ਧੜੇ G-23 ਦੇ ਮੈਂਬਰ ਜ਼ਰੂਰ ਹਨ।