ਦੇਸ਼ ਨੂੰ ਅੱਤਵਾਦੀਆਂ ਦੀ ਲੋੜ ਨਹੀਂ ਰੇਲਵੇ ਬੋਰਡ ਹੀ ਕਾਫੀ ਹੈ: ਠਾਕਰੇ
ਏਬੀਪੀ ਸਾਂਝਾ | 30 Sep 2017 02:05 PM (IST)
ਨਵੀਂ ਦਿੱਲੀ: ਮੁੰਬਈ 'ਚ ਬੀਤੇ ਕੱਲ੍ਹ ਵਾਪਰੇ ਦਰਦਨਾਕ ਹਾਦਸੇ ਵਿੱਚ 22 ਲੋਕਾਂ ਦੀ ਮੌਤ ਤੋਂ ਬਾਅਦ ਰਾਜਨੀਤੀ ਵੀ ਤੇਜ਼ ਹੋ ਗਈ ਹੈ। ਐਲਫਿਨਸਟਨ ਰੋਡ ਫੁੱਟ ਓਵਰਬ੍ਰਿਜ 'ਤੇ ਹੋਈ ਇਸ ਦੁਰਘਟਨਾ ਵਿੱਚ ਸਰਕਾਰ ਤਾਂ ਪਹਿਲਾਂ ਹੀ ਸਵਾਲਾਂ ਦੇ ਘੇਰੇ 'ਚ ਹੈ ਉੱਤੋਂ ਮਹਾਰਾਸ਼ਟਰ ਨਵਨਿਰਮਾਣ ਸੇਣਾ ਨੇ ਸਰਕਾਰ ਖਿਲਾਫ਼ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਸਰਕਾਰ 'ਤੇ ਸਵਾਲ ਚੁਕਦੇ ਹੋਏ ਮਨਸੇ ਦੇ ਮੁਖੀ ਰਾਜ ਠਾਕਰੇ ਨੇ ਕਿਹਾ- ਸਾਨੂੰ ਅੱਤਵਾਦੀਆਂ ਦੀ ਕੀ ਲੋੜ ਹੈ? ਅਜਿਹਾ ਲਗਦਾ ਹੈ ਕਿ ਲੋਕਾਂ ਨੂੰ ਮਾਰਨ ਲਈ ਸਾਡਾ ਰੇਲਵੇ ਬੋਰਡ ਹੀ ਕਾਫੀ ਹੈ। ਰਾਜ ਠਾਕਰੇ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਧਮਕੀ ਦਿੱਤੀ ਕਿ ਉਹ ਮੁੰਬਈ 'ਚ ਬੁਲੇਟ ਟ੍ਰੇਨ ਦਾ ਵਿਰੋਧ ਕਰਣਗੇ। ਰਾਜ ਠਾਕਰੇ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਜਦੋਂ ਤੱਕ ਮੁੰਬਈ 'ਚ ਰੇਲਵੇ ਦੇ ਹਲਾਤਾ ਠੀਕ ਨਹੀਂ ਹੁੰਦੇ ਉਦੋਂ ਤੱਕ ਮੁੰਬਈ 'ਚ ਬੁਲੇਟ ਟ੍ਰੇਨ ਪ੍ਰੋਜੈਕਟ ਦੀ ਇਕ ਇੱਟ ਵੀ ਨਹੀਂ ਰੱਖਣ ਦਿਆਂਗੇ। ਮਨਸੇ ਦੇ ਮੁਖੀ ਰਾਜ ਠਾਕਰੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਪੰਜ ਅਕਤੂਬਰ ਤੋਂ ਚਰਚ ਗੇਟ ਪੱਛਮੀ 'ਤੇ ਅੰਦੋਲਨ ਸ਼ੁਰੂ ਕਰੇਗੀ। ਠਾਕਰੇ ਨੇ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ- ਹਰ ਸਾਲ ਰੇਲ ਹਾਦਸਿਆਂ 'ਚ 15 ਹਜ਼ਾਰ ਮੌਤਾਂ ਹੁੰਦੀਆਂ ਹਨ ਜਿਨ੍ਹਾਂ 'ਚ 6 ਹਜ਼ਾਰ ਮੁੰਬਈ ਵਿਚ ਹੀ ਹੁੰਦੀਆਂ ਹਨ, ਕਾਂਗਰਸ ਦੇ ਜਾਣ ਅਤੇ ਭਾਜਪਾ ਦੇ ਆਉਣ ਤੋਂ ਬਾਅਦ ਕੀ ਬਦਲਾਅ ਹੋਇਆ। ਤੁਹਾਨੂੰ ਦੱਸ ਦੇਈਏ ਕਿ ਇਸ ਹਾਦਸੇ ਦੀ ਜਾਂਚ ਦੇ ਹੁਕਮ ਹੋ ਗਏ ਹਨ ਤੇ ਪੀੜਤਾਂ ਲਈ ਮੁਆਵਜ਼ੇ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਰੇਲਵੇ ਨੇ ਆਪਣੀ ਗਲਤੀ ਮੰਨਣ ਦੀ ਥਾਂ ਬਾਰਿਸ਼ ਨੂੰ ਜ਼ੁੰਮੇਵਾਰ ਦੱਸਿਆ ਹੈ। ਸ਼ੁੱਕਰਵਾਰ ਨੂੰ ਸ਼ਿਵਸੈਨਾ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਕਿਹਾ ਕਿ ਪਿਛਲੇ ਸਾਲ ਇਸੇ ਪੁੱਲ ਦੀ ਚੌੜਾਈ ਵਧਾਉਣ ਲਈ ਚਿੱਠੀ ਲਿਖੀ ਸੀ। ਇਸ ਦੇ ਜੁਆਬ 'ਚ ਉਦੋਂ ਦੇ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਸੀ ਕਿ ਰੇਲਵੇ ਕੋਲ ਇਸ ਲਈ ਫੰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਗਲੋਬਲ ਮਾਰਕੀਟ 'ਚ ਮੰਦੀ ਹੈ। ਤੁਹਾਡੀ ਸ਼ਿਕਾਇਤ ਤਾਂ ਜਾਇਜ਼ ਹੈ ਪਰ ਫੰਡ ਦੀ ਘਾਟ ਹੈ। ਸ਼ਿਵਸੈਨਾ ਦੇ ਐਮ.ਪੀ. ਦੇ ਇਸ ਇਲਜ਼ਾਮ 'ਤੇ ਰੇਲ ਮੰਤਰਾਲੇ ਨੇ ਟਵੀਟ ਕੀਤਾ ਹੈ ਕਿ ਨਵੇਂ ਫੁੱਟਓਵਰ ਬ੍ਰਿਜ ਲਈ 2016 'ਚ ਹੀ ਮਨਜ਼ੂਰੀ ਦੇ ਦਿੱਤੀ ਗਈ ਸੀ ਅਤੇ ਇਸ ਲਈ ਟੈਂਡਰ ਪ੍ਰਕਿਰਿਆ ਚੱਲ ਰਿਹਾ ਹੈ। ਸਵਾਲ ਇਹ ਹੈ ਕਿ ਐਮ.ਪੀ. ਵੱਲੋਂ ਖ਼ਤਰੇ ਬਾਰੇ ਸੁਚੇਤ ਕੀਤੇ ਜਾਣ ਦੇ ਬਾਵਜੂਦ ਹੁਣ ਤੱਕ ਇਸ ਦਾ ਟੈਂਡਰ ਸ਼ੁਰੂ ਕਿਉਂ ਨਹੀਂ ਹੋਇਆ। ਪੁਲ ਦੇ ਨਾਲ ਹੀ ਦੂਜਾ ਫੁਟਓਵਰਬ੍ਰਿਜ ਬਣਾਇਆ ਜਾਣਾ ਹੈ ਜਿਸ 'ਤੇ 12.8 ਕਰੋੜ ਰੁਪਏ ਦਾ ਖਰਚਾ ਹੋਵੇਗਾ।