MiG-21 Plane Crash : ਭਾਰਤੀ ਹਵਾਈ ਸੈਨਾ ਦਾ ਇੱਕ ਮਿਗ-21 ਜਹਾਜ਼ ਰਾਜਸਥਾਨ ਦੇ ਬਾੜਮੇਰ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਬਾੜਮੇਰ ਦੇ ਭੀਮਦਾ ਪਿੰਡ ਵਿੱਚ ਮਿਗ-21 ਕਰੈਸ਼ ਹੋ ਗਿਆ ਹੈ। ਲੋਕਾਂ ਨੇ ਜ਼ੋਰਦਾਰ ਧਮਾਕੇ ਨਾਲ ਅੱਗ ਦੀਆਂ ਵੱਡੀਆਂ ਲਾਟਾਂ ਦੇਖੀਆਂ। ਮਿਗ-21 ਕਰੈਸ਼ ਹੋਣ ਦੀ ਸੂਚਨਾ ਮਿਲਣ ਨਾਲ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਹਾਦਸੇ ਵਿੱਚ ਦੋਵੇਂ ਪਾਇਲਟ ਸ਼ਹੀਦ ਹੋ ਗਏ।
ਜਹਾਜ਼ ਦਾ ਮਲਬਾ ਵੀ ਅੱਧੇ ਕਿਲੋਮੀਟਰ ਦੇ ਘੇਰੇ ਵਿੱਚ ਬਿਖਰ ਗਿਆ ਹੈ। ਹਾਦਸੇ ਤੋਂ ਬਾਅਦ ਦਾ ਇੱਕ ਭਿਆਨਕ ਵੀਡੀਓ ਸਾਹਮਣੇ ਆਇਆ ਹੈ। ਹਵਾਈ ਸੈਨਾ ਨੇ ਕਿਹਾ ਕਿ ਹਾਦਸੇ ਬਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ। ਬਾੜਮੇਰ ਦੇ ਜ਼ਿਲ੍ਹਾ ਕੁਲੈਕਟਰ ਲੋਕ ਬੰਧੂ ਨੇ ਕਿਹਾ, "ਇਹ ਹਵਾਈ ਸੈਨਾ ਦਾ ਇੱਕ ਜਹਾਜ਼ ਸੀ, ਜੋ ਭੀਮਦਾ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਿਆ।"
ਦੋਵੇਂ ਪਾਇਲਟ ਸ਼ਹੀਦ ਹੋ ਗਏ
ਭਾਰਤੀ ਹਵਾਈ ਸੈਨਾ ਨੇ ਦੱਸਿਆ ਕਿ ਮਿਗ-21 ਟ੍ਰੇਨਰ ਜਹਾਜ਼ ਦੇ ਦੋਵੇਂ ਪਾਇਲਟਾਂ ਦੀ ਇਸ ਹਾਦਸੇ ਵਿੱਚ ਜਾਨ ਚਲੀ ਗਈ। ਭਾਰਤੀ ਹਵਾਈ ਸੈਨਾ ਡੂੰਘਾ ਅਫਸੋਸ ਕਰਦੀ ਹੈ ਅਤੇ ਦੁਖੀ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।
ਰੱਖਿਆ ਮੰਤਰੀ ਨੇ ਹਵਾਈ ਸੈਨਾ ਮੁਖੀ ਤੋਂ ਲਈ ਜਾਣਕਾਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੜਾਕੂ ਜਹਾਜ਼ ਦੇ ਕਰੈਸ਼ ਹੋਣ 'ਤੇ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨਾਲ ਗੱਲਬਾਤ ਕੀਤੀ। ਹਵਾਈ ਸੈਨਾ ਮੁਖੀ ਨੇ ਉਨ੍ਹਾਂ ਨੂੰ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਰੱਖਿਆ ਮੰਤਰੀ ਨੇ ਹਾਦਸੇ 'ਤੇ ਪ੍ਰਗਟ ਕੀਤਾ ਦੁੱਖ
ਇਸ ਹਾਦਸੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, "ਰਾਜਸਥਾਨ ਦੇ ਬਾੜਮੇਰ ਨੇੜੇ ਭਾਰਤੀ ਹਵਾਈ ਸੈਨਾ ਦੇ ਮਿਗ-21 ਟ੍ਰੇਨਰ ਜਹਾਜ਼ ਦੇ ਦੋ ਹਵਾਈ ਯੋਧਿਆਂ ਦੇ ਮਾਰੇ ਜਾਣ 'ਤੇ ਡੂੰਘਾ ਦੁੱਖ ਹੋਇਆ ਹੈ। ਉਨ੍ਹਾਂ ਦੀ ਦੇਸ਼ ਪ੍ਰਤੀ ਸੇਵਾ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਦੁੱਖ ਦੀ ਇਸ ਘੜੀ ਵਿੱਚ ਮੇਰੀ ਸੰਵੇਦਨਾ ਹੈ। ਦੁਖੀ ਪਰਿਵਾਰਾਂ ਨਾਲ। "
ਪਿਛਲੇ ਕੁਝ ਸਾਲਾਂ ਵਿੱਚ ਕਈ ਮਿਗ-21 ਹੋਏ ਕਰੈਸ਼
ਮਿਗ Mi-21 ਬਾਇਸਨ ਜਹਾਜ਼ ਨੂੰ 1960 ਦੇ ਦਹਾਕੇ ਵਿੱਚ ਭਾਰਤੀ ਹਵਾਈ ਸੈਨਾ ਦੁਆਰਾ ਸ਼ਾਮਲ ਕਰਨਾ ਸ਼ੁਰੂ ਕੀਤਾ ਗਿਆ ਸੀ। ਭਾਰਤੀ ਹਵਾਈ ਸੈਨਾ ਨੇ ਪਿਛਲੇ ਸਾਲਾਂ ਦੌਰਾਨ ਕਈ ਮਿਗ-21 ਜਹਾਜ਼ਾਂ ਅਤੇ ਹੋਰ ਜਹਾਜ਼ਾਂ ਨੂੰ ਕਈ ਹਾਦਸਿਆਂ ਵਿੱਚ ਗੁਆ ਦਿੱਤਾ ਹੈ। ਵਰਤਮਾਨ ਵਿੱਚ ਭਾਰਤੀ ਹਵਾਈ ਸੈਨਾ ਕੋਲ ਮਿਗ-21 ਬਾਇਸਨ ਦੇ ਲਗਭਗ ਛੇ ਸਕੁਐਡਰਨ ਹਨ ਅਤੇ ਇੱਕ ਸਕੁਐਡਰਨ ਵਿੱਚ ਲਗਭਗ 18 ਜਹਾਜ਼ ਸ਼ਾਮਲ ਹਨ।