ਜੈਪੁਰ: ਰਾਜਸਥਾਨ ’ਚ ਵਿਰੋਧੀ ਧਿਰ ਦੇ ਲੀਡਰ ਗੁਲਾਬਚੰਦ ਕਟਾਰੀਆ ਦੀਆਂ ਔਕੜਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਬੀਤੇ ਦਿਨੀਂ ਰਾਜਸਮੰਦ ’ਚ ਚੋਣ ਪ੍ਰਚਾਰ ਦੌਰਾਨ ਮਹਾਰਾਣਾ ਪ੍ਰਤਾਪ ਨੂੰ ਲੈ ਕੇ ਉਨ੍ਹਾਂ ਦੀ ਜ਼ੁਬਾਨ ਤਿਲਕ ਗਈ। ਉਸ ਤੋਂ ਬਾਅਦ ਲੋਕਾਂ ਵਿੱਚ ਉਨ੍ਹਾਂ ਵਿਰੁੱਧ ਕਾਫ਼ੀ ਨਾਰਾਜ਼ਗੀ ਹੈ। ਹੁਣ ਸੋਸ਼ਲ ਮੀਡੀਆ ਉੱਤੇ ਇੱਕ ਵਿਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।


ਇਸ ਵੀਡੀਓ ’ਚ ਇੱਕ ਨੌਜਵਾਨ ਭਾਜਪਾ ਆਗੂ ਗੁਲਾਬ ਚੰਦ ਕਟਾਰੀਆ ਦੇ ਪੁਤਲੇ ਨੂੰ ਗੋਲੀ ਮਾਰਦਾ ਦਿੱਸ ਰਿਹਾ ਹੈ। ਵੀਡੀਓ ’ਚ ਉਨ੍ਹਾਂ ਦੇ ਪੁਤਲੇ ਨੂੰ ਗੋਲੀ ਨਾਲ ਉਡਾ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਇਹ ਵੀਡੀਓ ਭੀਲਵਾੜਾ ਜ਼ਿਲ੍ਹੇ ਦੀ ਸਾਲੜਾ ਤਹਿਸੀਲ ਦੇ ਰਾਜਪੂਤ ਟਿਕਾਣੇ ਅਲੋਲੀ ਦੀ ਹੈ।


ਵੀਡੀਓ ’ਚ ਗੁਲਾਬ ਚੰਦ ਕਟਾਰੀਆ ਨੂੰ ਚੇਤਾਵਨੀ ਦਿੰਦਿਆਂ ਕੁਝ ਨੌਜਵਾਨ ਉਨ੍ਹਾਂ ਦੇ ਪੁਤਲੇ ਨੂੰ ਗੋਲੀ ਨਾਲ ਉਡਾ ਰਹੇ ਹਨ। ਨੌਜਵਾਨ ਚੇਤਾਵਨੀ ਦੇ ਰਹੇ ਹਨ ਕਿ ਗੁਲਾਬੰਦ ਕਟਾਰੀਆ ਜੇ ਅਲੋਲੀ ਪੁੱਜੇ, ਤਾਂ ਉਸ ਦਾ ਸਿਰ ਵੀ ਇੰਝ ਹੀ ਗੋਲੀ ਨਾਲ ਉਡਾ ਦਿੱਤਾ ਜਾਵੇਗਾ।


ਭਾਵੇਂ ਮਹਾਰਾਣਾ ਪ੍ਰਤਾਪ ਬਾਰੇ ਦਿੱਤੇ ਬਿਆਨ ਤੋਂ ਬਾਅਦ ਕਟਾਰੀਆ ਨੇ ਦੋ ਵਾਰ ਵਿਡੀਓ ਜਾਰੀ ਕਰ ਕੇ ਮਾਫ਼ੀ ਮੰਗ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਆਨ ਪਿੱਛੇ ਕੋਈ ਵੀ ਮਾੜੀ ਭਾਵਨਾ ਨਹੀਂ ਸੀ, ਸਗੋਂ ਉਹ ਮਹਾਰਾਣਾ ਪ੍ਰਤਾਪ ਦੀ ਮਹਿਮਾ ਦੀ ਵਿਆਖਿਆ ਹੀ ਕਰ ਰਹੇ ਸਨ। ਜ਼ਿਮਨੀ ਚੋਣਾਂ ਹੋਣ ਕਾਰਨ ਵਿਡੀਓ ਨੂੰ ਤੋੜ ਮਰੋੜ ਕੇ ਇੱਕ ਮਾਹੌਲ ਬਣਾ ਦਿੱਤਾ।


ਰਾਜਸਥਾਨ ਦੀਆਂ ਰਾਜਸਮੰਦ, ਸਹਾੜਾ ਤੇ ਸੁਜਾਨਗੜ੍ਹ ਸੀਟਾਂ ਉੱਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਦੋ ਸੀਟਾਂ ਕਾਂਗਰਸ ਤੇ ਇੱਕ ਸੀਟ ਭਾਜਪਾ ਕੋਲ ਰਹੀ ਹੈ। ਰਾਜਸਮੰਦ ਸੀਟ ਭਾਜਪਾ ਦੇ ਵਿਧਾਇਕ ਕਿਰਨ ਮਹੇਸ਼ਵਰੀ ਦੇ ਦੇਹਾਂਤ ਕਾਰਣ ਖ਼ਾਲੀ ਹੋਈ ਹੈ; ਜਦ ਕਿ ਸਹਾੜਾ ਸੀਟ ਤੋਂ ਕਾਂਗਰਸ ਦੇ ਵਿਧਾਇਕ ਕੈਲਾਸ਼ ਤ੍ਰਿਵੇਦੀ ਤੇ ਸੁਜਾਨਗੜ੍ਹ ਸੀਟ ਤੋਂ ਕਾਂਗਰਸੀ ਵਿਧਾਇਕ ਮਾਸਟਰ ਭੰਵਰ ਲਾਲ ਮੇਘਵਾਲ ਦੇ ਦੇਹਾਂਤ ਕਾਰਣ ਜ਼ਿਮਨੀ ਚੋਣਾਂ ਹੋ ਰਹੀਆਂ ਹਨ।


ਰਾਜਸਮੰਦ ਵਿਧਾਨ ਸਭਾ ਸੀਟ ਉੱਤੇ ਕਾਂਗਰਸ ਨੇ ਤਨਸੁਖ ਬੋਹਰਾ ਨੂੰ ਉਮੀਦਵਾਰ ਬਣਾਇਆ ਹੈ, ਤੇ ਭਾਜਪਾ ਨੇ ਸਵਰਗੀ ਵਿਧਾਇਕ ਕਿਰਨ ਮਹੇਸ਼ਵਰੀ ਦੀ ਧੀ ਦੀਪਤੀ ਮਹੇਸ਼ਵਰੀ ਨੂੰ ਮੈਦਾਨ ’ਚ ਉਤਾਰਿਆ ਹੈ। ਇਹ ਭਾਜਪਾ ਦੀ ਰਵਾਇਤੀ ਸੀਟ ਮੰਨੀ ਜਾਂਦੀ ਹੈ, ਜਿਸ ਨੂੰ ਬਚਾ ਕੇ ਰੱਖਣ ਦੀ ਜ਼ਿੰਮੇਵਾਰੀ ਪਾਰਟੀ ਨੇ ਵਿਰੋਧੀ ਧਿਰ ਦੇ ਆਗੂ ਗੁਲਾਬਚੰਦ ਕਟਾਰੀਆ ਤੇ ਸੰਸਦ ਮੈਂਬਰ ਦੀਆ ਕੁਮਾਰੀ ਨੂੰ ਦਿੱਤੀ ਹੋਈ ਹੈ। ਜ਼ਿਮਨੀ ਚੋਣਾਂ ਲਈ ਵੋਟਿੰਗ 17 ਅਪ੍ਰੈਲ ਨੂੰ ਹੋਣੀ ਤੈਅ ਹੈ ਤੇ ਨਤੀਜੇ 2 ਮਈ ਨੂੰ ਆਉਣਗੇ।


ਇਹ ਵੀ ਪੜ੍ਹੋFast & Furious 9 ਦਾ Trailer ਆਇਆ ਸਾਹਮਣੇ, ਵਿਨ ਡੀਜ਼ਲ-ਜੌਨ ਸੀਨਾ ਨੇ ਜਿੱਤਿਆ ਫੈਨਸ ਦਾ ਦਿਲ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904