ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕੇਸਾਂ 'ਚ ਦੇਸ਼ ਭਰ 'ਚ ਵੱਡੇ ਪੱਧਰ 'ਤੇ ਇਜ਼ਾਫਾ ਹੋ ਰਿਹਾ ਹੈ। ਜਿਸ ਤੋਂ ਬਾਅਦ ਸਰਕਾਰ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਮੁੜ ਤੋਂ ਤਾਲਾਬੰਦੀ ਸ਼ੁਰੂ ਹੋ ਗਈ ਹੈ। ਕੇਂਦਰੀ ਸੰਸਕ੍ਰਿਤੀ ਮੰਤਰਾਲੇ ਨੇ ਇਸ ਨਾਲ ਜੁੜਿਆ ਇਕ ਵੱਡਾ ਫ਼ੈਸਲਾ ਲਿਆ।


ਇਸ ਤਹਿਤ ਤਾਜ ਮਹਿਲ ਸਮੇਤ ਏਐੱਸਆਈ ਨਾਲ ਜੁੜੀਆਂ ਦੇਸ਼ ਭਰ ਦੀਆਂ 3,600 ਤੋਂ ਜ਼ਿਆਦਾ ਯਾਦਗਾਰਾਂ ਨੂੰ ਫ਼ੌਰੀ ਤੌਰ ’ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਜੂਦ ਕਰੀਬ 50 ਰਾਸ਼ਟਰੀ ਮਿਊਜ਼ੀਅਮਾਂ ਨੂੰ ਵੀ ਸੈਲਾਨੀਆਂ ਦੀ ਆਵਾਜਾਈ ਲਈ ਤੁਰੰਤ ਬੰਦ ਕਰ ਦਿੱਤਾ ਗਿਆ ਹੈ। ਫ਼ਿਲਹਾਲ ਇਹ ਸਾਰੀਆਂ ਥਾਵਾਂ 15 ਮਈ ਤਕ ਬੰਦ ਰਹਿਣਗੀਆਂ।


ਕੋਰੋਨਾ ਦੀ ਰਫਤਾਰ ਇਕਦਮ ਕਾਫੀ ਤੇਜ਼ ਹੋ ਗਈ। ਜਿਸ ਕਾਰਨ ਕੋਰੋਨਾ ਦਾ ਪਸਾਰ ਰੋਕਣ ਲਈ ਅਜਿਹਾ ਕਦਮ ਚੁੱਕੇ ਗਏ ਹਨ। ਹਾਲਾਂਕਿ ਕਿਸੇ ਵੀ ਯਾਦਗਾਰ ਵਿਚ ਜੇਕਰ ਕਿਤੇ ਪੂਜਾ ਅਰਚਨਾ ਹੁੰਦੀ ਹੈ ਤਾਂ ਉਹ ਜਾਰੀ ਰਹੇਗੀ। ਦੱਸ ਦੇਈਏ ਕਿ ਦੇਸ਼ ਵਿਚ ਏਐੱਸਆਈ ਤਹਿਤ 3,693 ਯਾਦਗਾਰਾਂ ਆਉਂਦੀਆਂ ਹਨ ਜਿਨ੍ਹਾਂ ਵਿਚੋਂ 174 ਸਿਰਫ਼ ਦਿੱਲੀ 'ਚ ਹਨ।


ਦੇਸ਼ ਭਰ 'ਚ 143 ਯਾਦਗਾਰਾਂ 'ਚ ਟਿਕਟ ਲਗਦੀ ਹੈ। ਇਨ੍ਹਾਂ ਵਿਚ ਦਿੱਲੀ 'ਚ ਟਿਕਟ ਵਾਲੀਆਂ 11 ਯਾਦਗਾਰਾਂ ਸ਼ਾਮਲ ਹਨ। ਕੇਂਦਰੀ ਸੰਸਕ੍ਰਿਤੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕੋਰੋਨਾ ਇਨਫੈਕਸ਼ਨ ਦੀ ਰਫ਼ਤਾਰ ਜਿਸ ਤਰ੍ਹਾਂ ਨਾਲ ਤੇਜ਼ ਹੋਈ ਹੈ, ਅਜਿਹੇ ਵਿਚ ਸੁਰੱਖਿਆ ਕਾਰਨਾਂ ਕਾਰਨ ਸੈਲਾਨੀਆਂ ਦੀ ਆਵਾਜਾਈ ਨਾਲ ਜੁੜੇ ਇਨ੍ਹਾਂ ਸਥਾਨਾਂ ਨੂੰ ਤੁਰੰਤ ਬੰਦ ਕਰਨਾ ਜ਼ਰੂਰੀ ਹੋ ਗਿਆ ਸੀ। 


ਸਰਕਾਰ ਇਸ ਵਾਰ ਕੋਰੋਨਾ ਕਾਰਨ ਪੂਰਨ ਲੌਕਡਾਊਨ ਦੇ ਹੱਕ 'ਚ ਨਹੀਂ ਹੈ। ਇਸ ਲਈ ਲੋੜੀਂਦੀਆਂ ਥਾਵਾਂ 'ਤੇ ਇਸ ਤਰ੍ਹਾਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਤਾਂ ਜੋ ਪੂਰੀ ਅਰਥ-ਵਿਵਸਤਾ ਪ੍ਰਭਾਵਿਤ ਹੋਣੋ ਬਚ ਸਕੇ।