Rajasthan Congress Crisis : ਰਾਜਸਥਾਨ 'ਚ ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ ਵਿਚਾਲੇ ਗਹਿਲੋਤ ਧੜੇ ਦੇ ਕਈ ਵਿਧਾਇਕਾਂ ਨੇ ਬਗਾਵਤ ਕਰ ਦਿੱਤੀ ਹੈ। ਗਹਿਲੋਤ ਦਾ ਸਮਰਥਨ ਕਰਨ ਵਾਲੇ 82 ਵਿਧਾਇਕਾਂ ਨੇ ਸਪੀਕਰ ਸੀਪੀ ਜੋਸ਼ੀ ਨੂੰ ਆਪਣਾ ਸਮੂਹਿਕ ਅਸਤੀਫਾ ਸੌਂਪ ਦਿੱਤਾ ਹੈ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਕੇਸੀ ਵੇਣੂਗੋਪਾਲ ਨੇ ਸੀਐਮ ਅਸ਼ੋਕ ਗਹਿਲੋਤ ਅਤੇ ਮੱਲਿਕਾਰਜੁਨ ਖੜਗੇ ਨਾਲ ਫੋਨ 'ਤੇ ਗੱਲ ਕੀਤੀ ਅਤੇ ਪੂਰੇ ਹੰਗਾਮੇ ਦਾ ਕਾਰਨ ਪੁੱਛਿਆ।
ਸੀਐਮ ਅਸ਼ੋਕ ਗਹਿਲੋਤ ਨੇ ਇਸ ਨੂੰ ਵਿਧਾਇਕਾਂ ਦਾ ਮੂਵ ਦੱਸਿਆ ਹੈ। ਉਨ੍ਹਾਂ ਕੇਸੀ ਵੇਣੂਗੋਪਾਲ ਨੂੰ ਕਿਹਾ ਕਿ ਇਹ ਵਿਧਾਇਕਾਂ ਦੀ ਭਾਵਨਾ ਹੈ। ਦਰਅਸਲ ਅਸ਼ੋਕ ਗਹਿਲੋਤ ਦੇ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਦੇ ਐਲਾਨ ਤੋਂ ਬਾਅਦ ਰਾਜਸਥਾਨ 'ਚ ਮੁੱਖ ਮੰਤਰੀ ਬਦਲਣ ਦੀ ਚਰਚਾ ਸ਼ੁਰੂ ਹੋ ਗਈ ਸੀ ਕਿਉਂਕਿ ਕਾਂਗਰਸ ਵਿਚ 'ਇਕ ਵਿਅਕਤੀ -ਇਕ ਅਹੁਦੇ ' ਦਾ ਸਿਧਾਂਤ ਹੈ। ਇਸ ਸਬੰਧੀ ਅੱਜ ਜੈਪੁਰ ਸਥਿਤ ਮੁੱਖ ਮੰਤਰੀ ਨਿਵਾਸ 'ਤੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ ਸੀ, ਜੋ ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਰੱਦ ਕਰ ਦਿੱਤੀ ਗਈ।
ਸਚਿਨ ਪਾਇਲਟ ਦੇ ਨਾਂ 'ਤੇ ਹੋਈ ਬਗਾਵਤ
ਇਸ ਮੀਟਿੰਗ ਲਈ ਕਾਂਗਰਸ ਨੇ ਸੀਨੀਅਰ ਨੇਤਾਵਾਂ ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਨੂੰ ਅਬਜ਼ਰਵਰ ਅਤੇ ਇੰਚਾਰਜ ਬਣਾਇਆ ਸੀ। ਇਸ ਮੀਟਿੰਗ ਲਈ ਮਲਿਕਾਅਰਜੁਨ ਖੜਗੇ, ਅਜੈ ਮਾਕਨ, ਸਾਬਕਾ ਡਿਪਟੀ ਸੀਐਮ ਸਚਿਨ ਪਾਇਲਟ ਸਮੇਤ 25 ਵਿਧਾਇਕ ਮੁੱਖ ਮੰਤਰੀ ਨਿਵਾਸ ਪਹੁੰਚੇ ਸਨ। ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਗਹਿਲੋਤ ਦੇ ਨਜ਼ਦੀਕੀ ਅਤੇ ਰਾਜਸਥਾਨ ਸਰਕਾਰ ਵਿੱਚ ਮੰਤਰੀ ਸ਼ਾਂਤੀ ਧਾਰੀਵਾਲ ਦੇ ਘਰ ਗਹਿਲੋਤ ਪੱਖੀ ਵਿਧਾਇਕਾਂ ਦੀ ਮੀਟਿੰਗ ਹੋਈ। ਇਸ ਬੈਠਕ 'ਚ ਗਹਿਲੋਤ ਧੜੇ ਦੇ ਕਰੀਬ 65 ਵਿਧਾਇਕ ਮੌਜੂਦ ਸਨ। ਇਸ ਬੈਠਕ 'ਚ ਵਿਧਾਇਕਾਂ ਨੇ ਸਚਿਨ ਪਾਇਲਟ ਦੇ ਨਾਂ 'ਤੇ ਬਗਾਵਤ ਕੀਤੀ।
ਗਹਿਲੋਤ ਕੈਂਪ ਦੇ ਵਿਧਾਇਕਾਂ ਦਾ ਅਸਤੀਫਾ
ਵਿਧਾਇਕਾਂ ਨੇ ਕਿਹਾ ਕਿ ਜੇਕਰ ਅਸ਼ੋਕ ਗਹਿਲੋਤ ਕਾਂਗਰਸ ਪ੍ਰਧਾਨ ਬਣਦੇ ਹਨ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਹਨ ਤਾਂ ਪਾਇਲਟ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਦੌਰਾਨ ਕਾਂਗਰਸ ਦੇ ਨਾਲ ਖੜ੍ਹੇ 102 ਵਿਧਾਇਕਾਂ 'ਚੋਂ ਨਵਾਂ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਪਾਇਲਟ ਦੇ ਨਾਂ 'ਤੇ ਗਹਿਲੋਤ ਕੈਂਪ ਨੇ ਬਗਾਵਤ ਕੀਤੀ। ਇਸ ਤੋਂ ਬਾਅਦ ਸਾਰੇ ਵਿਧਾਇਕ ਅਸਤੀਫਾ ਦੇਣ ਦੀ ਗੱਲ ਆਖਦੇ ਹੋਏ ਧਾਰੀਵਾਲ ਤੋਂ ਸਪੀਕਰ ਸੀਪੀ ਜੋਸ਼ੀ ਦੇ ਘਰ ਪਹੁੰਚੇ ਅਤੇ ਆਪਣਾ ਸਮੂਹਿਕ ਅਸਤੀਫਾ ਸੌਂਪ ਦਿੱਤਾ।