ਨਵੀ ਦਿੱਲੀ: ਰਾਜਸਥਾਨ ਦੀ ਗਹਿਲੋਤ ਸਰਕਾਰ ਨੇ ਸਕੂਲੀ ਪਾਠਕ੍ਰਮ ਵਿੱਚੋਂ ਵੀਰ ਸਾਵਰਕਰ ਦੀ ਕ੍ਰਾਂਤੀਕਾਰੀ ਜੀਵਨੀ ਵਾਲੇ ਪਾਠ ਵਿੱਚ ਬਦਲਾਅ ਕਰ ਦਿੱਤਾ ਹੈ। ਤਿੰਨ ਸਾਲ ਪਹਿਲਾਂ ਤਤਕਾਲੀ ਬੀਜੇਪੀ ਸਰਕਾਰ ਨੇ ਜੋ ਸਿਲੇਬਸ ਤਿਆਰ ਕੀਤਾ ਸੀ, ਉਸ ਵਿੱਚ ਵੀਰ ਸਾਵਰਕਰ ਨੂੰ ਮਹਾਨ ਦੇਸ਼ਭਗਤ, ਵੀਰ ਤੇ ਕ੍ਰਾਂਤੀਕਾਰੀ ਦੱਸਿਆ ਗਿਆ ਸੀ। ਕਾਂਗਰਸ ਸਰਕਾਰ ਵੱਲੋਂ ਕੀਤੇ ਬਦਲਾਅ ਵਿੱਚ ਸਾਵਰਕਰ ਨੂੰ ਬ੍ਰਿਟਿਸ਼ ਸਰਕਾਰ ਤੋਂ ਦਇਆ ਮੰਗਣ ਵਾਲਾ ਦੱਸਿਆ ਗਿਆ ਹੈ।


ਰਾਜਸਥਾਨ ਵਿੱਚ ਸੱਤਾ 'ਚ ਆਉਣ ਬਾਅਦ ਸੂਬੇ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਸਕੂਲੀ ਸਿਲੇਬਸ ਦੀ ਸਮੀਖਿਆ ਦਾ ਕੰਮ ਸ਼ੁਰੂ ਕੀਤਾ ਸੀ। ਇਸ ਕੰਮ ਲਈ ਦੋ ਕਮੇਟੀਆਂ ਦਾ ਗਟਨ ਕੀਤਾ ਗਿਆ ਸੀ। ਇਸ ਵਿੱਚ ਵੀਰ ਸਾਵਰਕਰ ਦੀ ਜੀਵਨੀ ਵੀ ਸ਼ਾਮਲ ਸੀ।

ਹੁਣ ਨਵੇਂ ਕੀਤੇ ਬਦਲਾਅ ਵਿੱਚ ਦੱਸਿਆ ਗਿਆ ਹੈ ਕਿ ਵੀਰ ਸਾਵਰਕਰ ਨੇ ਜੇਲ੍ਹ ਵਿੱਚ ਦਿੱਤੇ ਜਾਣ ਵਾਲੇ ਤਸੀਹਿਆਂ ਤੋਂ ਤੰਗ ਆ ਕੇ ਬ੍ਰਿਟਿਸ਼ ਹਕੂਮਤ ਤੋਂ ਦਇਆ ਦੀ ਮੰਗ ਕੀਤੀ ਸੀ। ਇਸਦੇ ਇਲਾਵਾ ਕਮੇਟੀ ਨੇ ਇਸ ਪਾਠ ਵਿੱਚ ਹੋਰ ਬਦਲਾਅ ਵੀ ਸੁਝਾਏ ਹਨ।

ਇਸ ਸਬੰਧੀ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਿੱਖਿਆ ਮੰਤਰੀ ਗੋਵਿੰਦ ਸਿੰਘ ਡੋਟਾਸਰਾ ਨੇ ਕਿਹਾ ਹੈ ਕਿ ਇਸ ਵਿੱਚ ਕੋਈ ਵਿਸ਼ੇਸ਼ ਗੱਲ ਨਹੀਂ। ਸਿਲੇਬਸ ਦੀ ਸਮੀਖਿਆ ਲਈ ਕਮੇਟੀ ਬਣਾਈ ਸੀ ਤੇ ਉਹ ਆਪਣਾ ਕੰਮ ਕਰ ਰਹੀ ਹੈ।