ਚੰਡੀਗੜ੍ਹ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਤਾਮਿਲਨਾਡੂ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਤੇ 7 ਦੋਸ਼ੀਆਂ ਦੀ ਰਿਹਾਈ ਲਈ ਦਾਇਰ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਹੈ। ਇਨ੍ਹਾਂ ’ਚੋਂ ਇੱਕ ਦੋਸ਼ੀ ਪੇਰਾਰੀਵਲਨ ਦੀ ਮਾਂ ਅਰਪੁਥਾਮੱਲ (71) ਨੇ ਆਪਣੇ ਪੁੱਤਰ ਲਈ ਇੱਛਾ ਮੌਤ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਹੌਲੀ-ਹੌਲੀ ਜੇਲ੍ਹ ਵਿੱਚ ਮਰ ਰਿਹਾ ਹੈ।

 

ਅਰਪੁਥਾਮੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਉਸ ਦਾ ਪੁੱਤਰ ਨੂੰ ਹੋਰ ਦੁੱਖ ਸਹਿਣਾ ਪਵੇ ਇਸ ਲਈ ਉਹ ਆਪਣੇ ਪੁੱਤ ਦੀ ਮੌਤ ਲਈ ਸੂਬਾ ਤੇ ਕੇਂਦਰ ਸਰਕਾਰ ਨੂੰ ਪੱਤਰ ਲਿਖੇਗੀ।

ਤਾਮਿਲਨਾਡੂ ਦੇ ਕਾਨੂੰਨ ਮੰਤਰੀ ਸੀ ਵੀ ਸ਼ਾਨਮੁਘਮ ਨੇ ਕਿਹਾ ਕਿ ਸੂਬਾ ਸਰਕਾਰ ਰਾਜੀਵ ਗਾਂਧੀ ਦੇ ਕਤਲ ਕੇਸ ਵਿੱਚ ਜੇਲ੍ਹ ਭੇਜੇ ਗਏ ਸਾਰੇ ਦੋਸ਼ੀਆਂ ਦੀ ਰਿਹਾਈ ਯਕੀਨੀ ਬਣਾਉਣ ਲਈ ਸਾਰੇ ਵਿਕਲਪਾਂ ਦੀ ਤਲਾਸ਼ ਕਰੇਗੀ। ਉਨ੍ਹਾਂ ਕਿਹਾ ਕਿ ਮਰਹੂਮ ਜੈ ਲਲਿਤਾ ਵੀ ਮਨੁੱਖੀ ਆਧਾਰਾਂ ’ਤੇ ਦੋਸ਼ੀਆਂ ਨੂੰ ਰਿਹਾਅ ਕਰਨਾ ਚਾਹੁੰਦੇ ਸਨ ਤੇ ਸਰਕਾਰ ਇਸ ’ਤੇ ਧਿਆਨ ਦੇਵੇਗੀ।

ਇਸ ਸਬੰਧੀ ਸੂਬਾ ਸਰਕਾਰ ਨੇ ਕੇਂਦਰ ਤੇ ਗ੍ਰਹਿ ਮੰਤਰਾਲੇ ਨੂੰ ਸੰਪਰਕ ਕੀਤਾ ਹੈ। ਅਗਲੀ ਕਾਰਵਾਈ ਸੁਪਰੀਮ ਕੋਰਟ ਦੇ ਫੈਸਲੇ ’ਤੇ ਨਿਰਭਰ ਹੈ।