Central Vista Avenue: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ਕਰਤਵਯ ਪਥ’ ਦਾ ਉਦਘਾਟਨ ਕਰਨਗੇ। ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਦੇ ਇਸ ਟੁਕੜੇ ਨੂੰ ਪਹਿਲਾਂ ਰਾਜਪਥ (ਦ ਕਿੰਗਜ਼ਵੇ) ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪੀਐਮ ਮੋਦੀ ਅੱਜ ਇੰਡੀਆ ਗੇਟ ਵਿਖੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਦੀ ਘੁੰਡ ਚੁਕਾਈ ਵੀ ਕਰਨਗੇ।


ਦੱਸ ਦਈਏ ਕਿ ਕਰਤਵਯ ਪਥ ਦੇ ਦੋਵੇਂ ਪਾਸੇ ਲਾਲ ਦਾਣੇਦਾਰ ਪੱਥਰ ਲਾਇਆ ਗਿਆ ਹੈ ਤੇ ਆਲੇ-ਦੁਆਲੇ ਹਰਿਆਲੀ ਦੇ ਨਾਲ ਦੋਵੇਂ ਪਾਸੇ ਨਹਿਰਾਂ, ਫੂਡ ਸਟਾਲ, ਸੁੱਖ ਸਹੂਲਤਾਂ ਨਾਲ ਲੈਸ ਬਲਾਕ ਤੇ ਵੈਂਡਿੰਗ ਕਿਓਸਕ ਹੋਣਗੇ। ਸਰਕਾਰੀ ਸੂਤਰਾਂ ਮੁਤਾਬਕ ਇਹ ਸੱਤਾ ਦੇ ਪ੍ਰਤੀਕ ਪੁਰਾਣੇ ਰਾਜਪਥ ਤੋਂ ਕਰਤਵਯ ਪਥ ਵੱਲ ਜਾਣ ਦਾ ਪ੍ਰਤੀਕ ਹੈ, ਜੋ ਲੋਕਾਂ ਦੀ ਮਾਲਕੀ ਤੇ ਸਸ਼ਕਤੀਕਰਨ ਦੀ ਮਿਸਾਲ ਹੈ। 


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਮੌਕੇ ਕੀਤੀ ਤਕਰੀਰ ਵਿੱਚ ਦੇਸ਼ ਵਾਸੀਆਂ ਨੂੰ ਪੰਜ ਪ੍ਰਣ (ਅਹਿਦ) ਲੈਣ ਦਾ ਸੱਦਾ ਦਿੱਤਾ ਸੀ। ਉਨ੍ਹਾਂ ਬਸਤੀਵਾਦੀ ਮਾਨਸਿਕਤਾ ਨਾਲ ਜੁੜੇ ਪ੍ਰਤੀਕਾਂ ਨੂੰ ਖ਼ਤਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ‘ਕਰਤੱਵਯ ਪਥ’ ਨਾਂ ਰੱਖਣ ਪਿੱਛੇ ਇਨ੍ਹਾਂ ਦੋਵਾਂ ਕਾਰਕਾਂ ਨੂੰ ਵੇਖਿਆ ਜਾ ਰਿਹਾ ਹੈ। 


ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਦੇ ਇਸ ਟੁਕੜੇ ਦੀ ਮੋਦੀ ਸਰਕਾਰ ਦੇ ਉਤਸ਼ਾਹਪੂਰਨ ਸੈਂਟਰਲ ਵਿਸਟਾ ਪੁਨਰਵਿਕਾਸ ਪ੍ਰਾਜੈਕਟ ਤਹਿਤ ਕਾਇਆਕਲਪ ਕੀਤੀ ਗਈ ਹੈ। ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਕਰਤਵਯ ਪਥ ’ਤੇ ਪੰਜ ਵੈਂਡਿੰਗ ਜ਼ੋਨ ਸਥਾਪਤ ਕੀਤੇ ਹਨ, ਜਿਥੇ 40 ਵੈਂਡਰਾਂ ਨੂੰ ਦੁਕਾਨਾਂ ਲਾਉਣ ਦੀ ਖੁੱਲ੍ਹ ਹੋਵੇਗੀ। ਇਨ੍ਹਾਂ ਵਿਚੋਂ ਦੋ ਬਲਾਕ ਇੰਡੀਆ ਗੇਟ ਨੇੜੇ ਹਨ। ਹਰੇਕ ਬਲਾਕ ਵਿੱਚ 8 ਦੁਕਾਨਾਂ ਹੋਣਗੀਆਂ। 


ਕੇਂਦਰੀ ਮਕਾਨ ਊਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਪਥ ’ਤੇ ਚੋਰੀ ਅਤੇ ਨਵੀਂ ਸਥਾਪਿਤ ਸਹੂਲਤਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਵੱਡੀ ਗਿਣਤੀ ਪੁਲੀਸ ਤੇ ਸੁਰੱਖਿਆ ਅਮਲਾ ਤਾਇਨਾਤ ਰਹੇਗਾ। 80 ਦੇ ਕਰੀਬ ਸੁਰੱਖਿਆ ਕਰਮੀ ਇਸ ਪਥ ਦੀ ਨਿਗਰਾਨੀ ਰੱਖਣਗੇ। ਦੋਵਾਂ ਸਾਈਡਾਂ ’ਤੇ ਬਣੀਆਂ ਨਹਿਰਾਂ ਵਿੱਚ ਦੋ ਥਾਵਾਂ ’ਤੇ- ਇਕ ਕ੍ਰਿਸ਼ੀ ਭਵਨ ਤੇ ਦੂਜੀ ਵਾਣਿਜਯ ਭਵਨ ਨੇੜੇ ਕਿਸ਼ਤੀ ਚਾਲਣ ਦੀ ਸਹੂਲਤ ਮਿਲੇਗੀ। ਇਸ ਦੌਰਾਨ ਇੰਡੀਆ ਗੇਟ ਸਰਕਲ ’ਤੇ ਸੈਂਟਰਲ ਵਿਸਟਾ ਪ੍ਰਾਜੈਕਟ ਦੇ ਉਦਘਾਟਨੀ ਸਮਾਗਮ ਕਰਕੇ ਦਿੱਲੀ ਹਾਈ ਕੋਰਟ ਦੇ ਨਾਲ ਪਟਿਆਲਾ ਹਾਊਸ ਕੋਰਟ ਸ਼ਾਮੀਂ 3 ਵਜੇ ਤੋਂ ਬਾਅਦ ਬੰਦ ਰਹਿਣਗੀਆਂ।