ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁਜ਼ੱਫਰ ਨਗਰ 'ਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਐਤਵਾਰ ਮਹਾਂ ਪੰਚਾਇਤ ਕੀਤੀ। ਇਸ ਮਹਾਂ ਪੰਚਾਇਤ 'ਚ ਪੰਜ ਲੱਖ ਤੋਂ ਜ਼ਿਆਦਾ ਕਿਸਾਨਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ।


ਇਸ ਮਹਾਂ ਪੰਚਾਇਤ 'ਚ ਹਿੱਸਾ ਲੈਣ ਪਹੁੰਚੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਭਾਰਤ ਸਰਕਾਰ ਦਾ ਤੁਲਨਾ ਤਾਲਿਬਾਨ ਨਾਲ ਕਰ ਦਿੱਤੀ। ABP ਨਿਊਜ਼ ਨਾਲ ਗੱਲਬਾਤ ਦੌਰਾਨ ਰਾਕੇਸ਼ ਟਿਕੈਤ ਬੋਲੇ ਕਿ ਅਫ਼ਗਾਨਿਸਤਾਨ 'ਚ ਖੁੱਲ੍ਹੇਆਮ ਤਾਲਿਬਾਨ ਹੈ। ਜਦਕਿ ਦੇਸ਼ 'ਚ ਪਰਦੇ ਦੇ ਪਿੱਛੇ ਤਾਲਿਬਾਨ ਹੈ। ਰਾਕੇਸ਼ ਟਿਕੈਤ ਦੇ ਇਸ ਬਿਆਨ 'ਤੇ ਬੀਜੇਪੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।


ਰਾਕੇਸ਼ ਟਿਕੈਤ ਨੇ ਇਲਜ਼ਾਮ ਲਾਇਆ ਕਿ ਭਾਰਤ ਦੀ ਸਰਕਾਰ ਤੇ ਤਾਲਿਬਾਨ ਇਕੋ ਹੀ ਸਿੱਕੇ ਦੇ ਦੋ ਪਹਿਲੂ ਹਨ। ਰਾਕੇਸ਼ ਟਿਕੈਤ ਸਿਆਸੀ ਬਿਆਨਾਂ ਜ਼ਰੀਏ ਸਰਕਾਰ 'ਤੇ ਐਨੇ ਹਮਲਾਵਰ ਸਨ ਕਿ ਉਨ੍ਹਾਂ ਮੋਦੀ ਸਰਕਾਰ ਨੂੰ ਤਾਲਿਬਾਨੀ  ਦੱਸ ਦਿੱਤਾ। ਮੰਚ ਤੋਂ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਹੋ ਰਹੀ ਮਹਾਂ ਪੰਚਾਇਤ 'ਚ 5 ਲੱਖ ਕਿਸਾਨਾਂ ਦੇ ਸ਼ਾਮਿਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਆਪਣੇ ਘਰ੍ਹ 'ਚ ਰਾਕੇਸ਼ ਟਿਕੈਤ ਨੇ ਦੇਸ਼ ਦੇ ਪੀਐਮ ਤੇ ਸੂਬੇ ਦੇ ਸੀਐਮ ਨੂੰ ਵੀ ਬਾਹਰੀ ਦੱਸ ਦਿੱਤਾ।


ਮਹਾਂ ਪੰਚਾਇਤ 'ਚ ਲੱਖਾਂ ਦੀ ਭੀੜ ਤੇ ਆਪਣੇ ਲੋਕਾਂ ਦੇ ਵਿਚ ਟਿਕੈਤ ਦੇ ਨਿਸ਼ਾਨੇ 'ਤੇ ਬੀਜੇਪੀ ਸਰਕਾਰ ਸੀ। ਕਿਸਾਨ ਅੰਦੋਲਨ ਦਾ ਕਾਫਲਾ ਕੱਲ੍ਹ ਮੁਜ਼ੱਫਰਨਗਰ ਸੀ। ਮੁਜ਼ੱਫਰਨਗਰ 'ਚ ਵੱਡੀ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ ਸੀ।


ਬੀਜੇਪੀ ਦਾ ਰਾਕੇਸ਼ ਟਿਕੈਤ ਤੇ ਪਲਟਵਾਰ


ਬੀਜੇਪੀ ਨੇ ਵੀ ਰਾਕੇਸ਼ ਟਿਕੈਤ 'ਤੇ ਪਲਟਵਾਰ ਕਰਨ 'ਚ ਦੇਰੀ ਨਾ ਲਾਈ, ਯੂਪੀ ਬੀਜੇਪੀ ਬੁਲਾਰੇ ਰਾਕੇਸ਼ ਤ੍ਰਿਪਾਠੀ ਨੇ ਕਿਹਾ, 'ਮਿਆਂ ਖਲੀਫਾ, ਗ੍ਰੇਟਾ ਥਨਬਰਗ ਤੇ ਰੋਹਾਨਾ ਤੋਂ ਸਮਰਥਨ ਲੈਣ ਵਾਲੇ  ਟਿਕੈਤ ਮੋਦੀ, ਸ਼ਾਹ ਤੇ ਯੋਗੀ ਨੂੰ ਬਾਹਰੀ ਦੱਸ ਰਹੇ ਹਨ। ਇਹ ਮਾਨਸਿਕ ਦੀਵਾਲੀਆਪਨ ਹੈ।' ਮਹਾਂ ਪੰਚਾਇਤ ਦੇ ਮੰਚ ਤੋਂ ਹਰ ਬੁਲਾਰੇ ਨੇ ਇਹੀ ਗੱਲ ਕਹੀ ਕਿ ਸਰਕਾਰ ਕਿਸਾਨਾਂ ਨਾਲ ਗੱਲ ਨਹੀਂ ਕਰ ਰਹੀ। ਇਸ 'ਤੇ ਬੀਜੇਪੀ ਕਿਸਾਨ ਮੋਰਚਾ ਨੇ ਮੰਚ ਤੇ ਬੈਠੇ ਲੋਕਾਂ ਤੇ ਸਵਾਲ ਖੜੇ ਕੀਤੇ।