ਅਹਿਮਦਾਬਾਦ: ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਕਿਸਾਨ ਦਿੱਲੀ ਦੀਆਂ ਸਰਹੱਦਾਂ ਛੱਡ ਕੇ ਚਲੇ ਗਏ ਹਨ। ਟਿਕੈਤ ਨੇ ਕਿਹਾ ਕਿਸਾਨ ਖੇਤਾਂ 'ਚ ਕੰਮ ਕਰਨ ਲਈ ਗਏ ਹਨ ਜਦੋਂ ਕੇਂਦਰ ਸਰਕਾਰ ਪੱਛਮੀ ਬੰਗਾਲ ਚੋਣਾਂ ਤੋਂ ਮੁਕਤ ਹੋ ਜਾਵੇਗੀ ਤਾਂ ਉਹ ਪਰਤ ਆਉਣਗੇ।


ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਸਾਲ ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਇਨ੍ਹਾਂ ਕਿਸਾਨਾਂ 'ਚ ਮੁੱਖ ਤੌਰ ਤੇ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕਿਸਾਨ ਹਨ। ਪ੍ਰਦਰਸ਼ਨਕਾਰੀ ਕਿਸਾਨ ਆਪਣੀ ਫਸਲ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇ ਨਾਲ ਹੀ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।


ਰਾਕੇਸ਼ ਟਿਕੈਤ ਅੰਦੋਲਨ ਲਈ ਸਮਰਥਨ ਲੈਣ ਲਈ ਗੁਜਰਾਤ ਪਹੁੰਚੇ ਹਨ। ਉਨ੍ਹਾਂ ਸੂਬੇ ਦਾ ਆਪਣਾ ਦੋ ਦਿਨਾਂ ਦੌਰਾ ਐਤਵਾਰ ਬਨਾਸਕਾਂਠਾ ਜ਼ਿਲ੍ਹੇ 'ਚ ਮਾਂ ਅੰਬਾ ਜੀ ਮੰਦਰ 'ਚ ਮੱਥਾ ਟੇਕਣ ਦੇ ਨਾਲ ਸ਼ੁਰੂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਅੰਬਾ ਜੀ ਤੇ ਪਾਲਨਪੁਰ 'ਚ ਲੋਕਾਂ ਨੂੰ ਸੰਬਧੋਨ ਕੀਤਾ। 


ਉਨ੍ਹਾਂ ਇਕ ਸਭਾ 'ਚ ਕਿਹਾ, 'ਕਾਨੂੰਨ ਵਾਪਰੀਆਂ ਦੀ ਮਦਦ ਕਰਨ ਲਈ ਬਣਾਏ ਗਏ ਹਨ, ਕਿਸਾਨਾਂ ਦੀ ਮਦਦ ਲਈ ਨਹੀਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਵਿਰੋਧ ਸਥਾਨਾਂ ਤੋਂ ਉਦੋਂ ਤਕ ਨਾ ਹਟਣ ਦਾ ਫੈਸਲਾ ਕੀਤਾ ਹੈ ਜਦੋਂ ਤਕ ਉਨ੍ਹਾਂ ਦੀ ਜਿੱਤ ਨਹੀਂ ਹੋ ਜਾਂਦੀ ਤੇ ਇਹ ਉਦੋਂ ਹੋਵੇਗੀ ਜਦੋਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਸਵੀਕਾਰ ਕਰ ਲਿਆ ਜਾਵੇਗਾ।


ਟਿਕੈਤ ਨੇ ਕਿਹਾ, 'ਇਹ ਸਾਰੀਆਂ ਖ਼ਬਰਾਂ ਗਲਤ ਹਨ ਕਿ ਕਿਸਾਨਾਂ ਨੇ ਅੰਦੋਲਨ ਸਥਾਨ ਛੱਡ ਦਿੱਤੇ ਹਨ। ਕਿਸਾਨ ਆਉਂਦੇ ਹਨ ਤੇ ਚਲੇ ਜਾਂਦੇ ਹਨ। ਮੌਜੂਦਾ ਸਮੇਂ ਉਹ ਆਪਣੇ ਖੇਤਾਂ 'ਚ ਕੰਮ ਕਰਨ ਗਏ ਹਨ। ਅਸੀਂ ਕਿਸਾਨਾਂ ਨੂੰ ਕਿਹਾ ਕਿ ਸਰਕਾਰ ਦੀਆਂ ਪੱਛਮੀ ਬੰਗਾਲ ਚੋਣਾਂ ਤੋਂ ਮੁਕਤ ਹੋਣ ਤੋਂ ਬਾਅਦ ਉਹ ਵਾਪਸ ਆ ਜਾਣ। ਪੂਰੀ ਸਰਕਾਰ ਨੇ ਬੰਗਾਲ 'ਚ ਡੇਰਾ ਲਾਇਆ ਹੋਇਆ ਹੈ। ਇਕ ਵਾਰ ਸਰਕਾਰ ਵਾਪਸ ਆ ਜਾਵੇਗੀ ਤਾਂ ਅਸੀਂ ਗੱਲਬਾਤ ਸ਼ੁਰੂ ਕਰਾਂਗੇ।


ਟਿਕੈਤ ਨੇ ਕਿਹਾ ਗੁਜਰਾਤ ਦੇ ਕਿਸਾਨਾਂ ਨੂੰ ਵੀ ਕਿਸਾਨ ਅੰਦੋਲਨ 'ਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਦੇਸ਼ ਨੂੰ ਵਿਸ਼ਵਾਸ ਹੋਵੇ ਕਿ ਜਿੱਥੋਂ ਵੱਡੇ ਲੀਡਰ ਆਉਂਦੇ ਹਨ ਉਸ ਸੂਬੇ ਦੇ ਕਿਸਾਨ ਵੀ ਨਵੇਂ ਕਾਨੂੰਨਾਂ ਖਿਲਾਫ ਹਨ। ਉਨ੍ਹਾਂ ਦਾ ਇਸ਼ਾਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲ ਸੀ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904