ਨਵੀਂ ਦਿੱਲੀ: ਗਾਜ਼ੀਪੁਰ ਬਾਰਡਰ 'ਤੇ ਬੀਜੇਪੀ ਵਰਕਰਾਂ ਤੇ ਕਿਸਾਨਾਂ ਵਿਚਾਲੇ ਝੜਪ ਮਗਰੋਂ ਸੰਯੁਕਤ ਕਿਸਾਨ ਮੋਰਚੇ ਨੇ ਵੱਡੇ ਇਲਜ਼ਾਮ ਲਾਏ ਹਨ। ਮੋਰਚੇ ਵੱਲੋਂ ਇਸ ਘਟਨਾਕ੍ਰਮ ਨੂੰ ਸ਼ਾਂਤਮਈ ਅੰਦੋਲਨ ਨੂੰ ਜਾਤੀ ਲੀਹਾਂ ਉਪਰ ਵੰਡਣ ਦੀ ਚਾਲ ਕਰਾਰ ਦਿੱਤਾ ਹੈ। ਮੋਰਚੇ ਨੇ ਕਿਹਾ ਹੈ ਕਿ ਬੀਜੇਪੀ ਦਾ ਇੱਕੋ-ਇੱਕ ਮਕਸਦ ਕਿਸੇ ਨਾ ਕਿਸੇ ਤਰੀਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਹੈ, ਪਰ ਕਿਸਾਨ ਇਸ ਚਾਲ ਦਾ ਜ਼ੋਰਦਾਰ ਵਿਰੋਧ ਕਰਨਗੇ। ਮੋਰਚੇ ਨੇ ਮੰਗ ਕੀਤੀ ਕਿ ਉਨ੍ਹਾਂ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਮੋਰਚੇ ਦੇ ਮੰਚ ਤੋਂ 50 ਮੀਟਰ ਦੀ ਦੂਰੀ ’ਤੇ ਬੀਜੇਪੀ ਆਗੂ ਦੇ ਸਵਾਗਤ ਦੀ ਇਜਾਜ਼ਤ ਦਿੱਤੀ।


ਉਧਰ, ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕਿਸਾਨ ਮੋਰਚੇ ਨੇੜੇ ਕਿਸਾਨਾਂ ਤੇ ਬੀਜੇਪੀ ਵਰਕਰਾਂ ਵਿਚਾਲੇ ਹੋਈ ਝੜਪ ਅਸਲ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਮੰਚ ’ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਸੀ। ਉਨ੍ਹਾਂ ਕਿਹਾ ਕਿ ਕਿਸਾਨ ਅਜਿਹੇ ਕਿਸੇ ਵੀ ਯਤਨ ਦਾ ਮੂੰਹ-ਤੋੜ ਜਵਾਬ ਦੇਣ ਦੇ ਸਮਰੱਥ ਹਨ।


ਉਨ੍ਹਾਂ ਕਿਹਾ ਕਿ ਗਾਜ਼ੀਪੁਰ ਮੋਰਚੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ। ਕੌਸੰਬੀ (ਗਾਜ਼ੀਆਬਾਦ) ਥਾਣਾ ਪੁਲਿਸ ਨੇ ਪਹਿਲਾਂ ਕਿਸਾਨਾਂ ਦੀ ਸ਼ਿਕਾਇਤ ਲੈਣ ਤੋਂ ਇਨਕਾਰ ਕਰ ਦਿੱਤਾ, ਪਰ ਫਿਰ ਕਿਸਾਨਾਂ ਨੇ ਥਾਣੇ ਦੇ ਵਿਹੜੇ ਵਿੱਚ ਹੀ ਧੁੱਪੇ ਧਰਨਾ ਲਾਇਆ ਤਾਂ ਪੁਲਿਸ ਹਰਕਤ ਵਿੱਚ ਆਈ ਤੇ ਸ਼ਿਕਾਇਤ ਲੈ ਲਈ।


ਦੱਸ ਦਈਏ ਕਿ ਬੁੱਧਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ-ਉੱਤਰ ਪ੍ਰਦੇਸ਼ ਦੀ ਹੱਦ ’ਤੇ ਗਾਜ਼ੀਪੁਰ ਵਿੱਚ ਪਿਛਲੇ ਸੱਤ ਮਹੀਨਿਆਂ ਤੋਂ ਮੋਰਚਾ ਲਾਈ ਬੈਠੇ ਕਿਸਾਨਾਂ ਕੋਲ ਆ ਕੇ ਭਾਜਪਾ ਵਰਕਰਾਂ ਵੱਲੋਂ ਉਕਸਾਊ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਸੋਟੀਆਂ ਡਾਂਗਾਂ ਵੀ ਚੱਲੀਆਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜ ਕਿਸਾਨਾਂ ਦੇ ਸੱਟਾਂ ਲੱਗਣ ਦਾ ਦਾਅਵਾ ਕੀਤਾ ਗਿਆ ਹੈ।


ਇਹ ਵੀ ਪੜ੍ਹੋ: ਸੀਰਮ ਇੰਸਟੀਚਿਊਟ ਨੂੰ ਝਟਕਾ, ਸਰਕਾਰੀ ਪੈਨਲ ਨੇ ਬੱਚਿਆਂ 'ਤੇ Covavax ਦੇ ਟਰਾਈਲ ਨੂੰ ਨਹੀਂ ਦਿੱਤੀ ਮਨਜ਼ੂਰੀ: ਸੂਤਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904