ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ਦਾ ਜਵਾਬ ਦਿੰਦਿਆਂ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿੱਚ ਜੇ ਕੋਈ ਕਮੀ ਹੋਵੇ, ਤਾਂ ਉਹ ਉਸ ਨੂੰ ਠੀਕ ਕਰਨਗੇ, ਕੋਈ ਢਿੱਲ ਹੋਈ ਤਾਂ ਉਸ ਨੂੰ ਕੱਸਣਗੇ। ਉਨ੍ਹਾਂ ਕਿਹਾ ਕਿ ਕਿਸਾਨ ਆਪਣਾ ਅੰਦੋਲਨ ਖ਼ਤਮ ਕਰ ਦੇਣ ਤੇ ਆਪਣੇ ਘਰਾਂ ਨੂੰ ਪਰਤ ਜਾਣ। ਪ੍ਰਧਾਨ ਮੰਤਰੀ ਦੇ ਇਸ ਬਿਆਨ ਉੱਤੇ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਆਪਣਾ ਪ੍ਰਤੀਕਰਮ ਪ੍ਰਗਟਾਇਆ ਹੈ।
ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜੇ ਪ੍ਰਧਾਨ ਮੰਤਰੀ ਮੋਦੀ ਗੱਲਬਾਤ ਕਰਨੀ ਚਾਹੁੰਦੇ ਹਨ, ਤਾਂ ਸਾਡਾ ਮੋਰਚਾ ਤੇ ਕਮੇਟੀ ਗੱਲਬਾਤ ਲਈ ਤਿਆਰ ਹਨ। ਸਾਡੇ ਪੰਚ ਵੀ ਉਹੀ ਹਨ ਤੇ ਸਾਡਾ ਮੰਚ ਵੀ ਉਹੀ ਹੈ। ਐੱਮਐੱਸਪੀ ਉੱਤੇ ਕਾਨੂੰਨ ਬਣੇ, ਇਹ ਕਿਸਾਨਾਂ ਲਈ ਲਾਹੇਵੰਦ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿੱਚ ਭੁੱਖ ਉੱਤੇ ਵਪਾਰ ਨਹੀਂ ਹੋਵੇਗਾ। ਅਨਾਜ ਦੀ ਕੀਮਤ ਭੁੱਖ ਉੱਤੇ ਤੈਅ ਨਹੀਂ ਹੋਵੇਗੀ। ਭੁੱਖ ਉੱਤੇ ਕਾਰੋਬਾਰ ਕਰਨ ਵਾਲਿਆਂ ਨੂੰ ਦੇਸ਼ ’ਚੋਂ ਬਾਹਰ ਕੱਢਿਆ ਜਾਵੇਗਾ। ਦੇਸ਼ ਵਿੱਚ ਅੱਜ ਪਾਣੀ ਤੋਂ ਵੀ ਸਸਤਾ ਦੁੱਧ ਵਿਕ ਰਿਹਾ ਹੈ। ਕਿਸਾਨਾਂ ਦੀ ਦੁੱਧ ਉੱਤੇ ਲਾਗਤ ਵੱਧ ਆ ਰਹੀ ਹੈ ਪਰ ਉਸ ਨੂੰ ਕੀਮਤ ਘੱਟ ਮਿਲ ਰਹੀ ਹੈ। ਦੁੱਧ ਦਾ ਰੇਟ ਵੀ ਤੈਅ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਿਵੇਂ ਜਨਤਾ ਨੂੰ ਗੈਸ ਉੱਤੇ ਸਬਸਿਡੀ ਛੱਡਣ ਦੀ ਅਪੀਲ ਕੀਤੀ ਸੀ, ਉਸੇ ਤਰ੍ਹਾਂ ਹੁਣ ਉਨ੍ਹਾਂ ਨੂੰ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਜਿਹੜੀ ਪੈਨਸ਼ਨ ਲੈ ਰਹੇ ਹਨ, ਉਹ ਛੱਡ ਦੇਣ। ਉਨ੍ਹਾਂ ਕਿਹਾ ਕਿ ਜੇ ਸੰਸਦ ਮੈਂਬਰ ਤੇ ਵਿਧਾਇਕ ਆਪਣੀਆਂ ਪੈਨਸ਼ਨਾਂ ਛੱਡ ਦੇਣਗੇ, ਤਾਂ ਭਾਰਤੀ ਕਿਸਾਨ ਯੂਨੀਅਨ ਉਨ੍ਹਾਂ ਦਾ ਧੰਨਵਾਦ ਕਰੇਗੀ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin