ਰਾਮ ਚੰਦਰ ਛੱਤਰਪਤੀ ਦੀ ਧੀ ਸ਼੍ਰੇਅਸੀ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਦੀ ਪੈਰੋਲ 'ਤੇ ਸਰਕਾਰ ਦਾ ਰਵੱਈਆ ਨਰਮ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ 17 ਸਾਲ ਲੜਾਈ ਲੜਨ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ ਪਰ ਹਰਿਆਣਾ ਸਰਕਾਰ ਸ਼ਾਇਦ ਵੋਟਾਂ ਖਾਤਰ ਗੁਰਮੀਤ ਰਾਮ ਰਹੀਮ ਦੀ ਪੈਰੋਲ 'ਤੇ ਨਰਮ ਹੋਣ ਦੀ ਕੋਸ਼ਿਸ਼ ਕਰ ਰਹੀ ਹੈ।
ਸ਼੍ਰੇਅਸੀ ਨੇ ਕਿਹਾ ਰਾਮਚੰਦਰ ਛੱਤਰਪਤੀ ਕਤਲ ਮਾਮਲੇ ਦੌਰਾਨ ਪਰਿਵਾਰ ਨੂੰ ਦਹਿਸ਼ਤ ਭਰੇ ਮਾਹੌਲ ਵਿੱਚੋਂ ਨਿਕਲਣਾ ਪਿਆ ਅਤੇ ਪੈਰੋਲ ਤੋਂ ਬਾਅਦ ਦਹਿਸ਼ਤ ਭਰਿਆ ਮਾਹੌਲ ਪਰਿਵਾਰ ਲਈ ਦੁਬਾਰਾ ਬਣ ਸਕਦਾ ਹੈ। ਸਰਕਾਰ 'ਤੇ ਸਵਾਲ ਖੜ੍ਹੇ ਕਰਦੇ ਸ਼੍ਰੇਅਸੀ ਨੇ ਕਿਹਾ ਕਿ ਜੋ ਸਰਕਾਰ ਗੁਰਮੀਤ ਰਾਮ ਰਹੀਮ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕਰਵਾ ਰਹੀ ਹੈ ਉਹ ਪੈਰੋਲ ਤੇ ਐਨਾ ਨਰਮ ਕਿਉਂ ਹੋ ਰਹੀ ਹੈ?
ਛੱਤਰਪਤੀ ਦੀ ਬੇਟੀ ਨੇ ਦਾਅਵਾ ਕੀਤਾ ਕਿ ਜੇਕਰ ਸਰਕਾਰ ਨਰਮ ਰਹੇਗੀ ਤਾਂ ਉਨ੍ਹਾਂ ਦਾ ਪਰਿਵਾਰ ਗੁਰਮੀਤ ਰਾਮ ਰਹੀਮ ਦੀ ਪੈਰੋਲ ਖ਼ਿਲਾਫ਼ ਲੜਾਈ ਲੜੇਗਾ ਅਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਏਗਾ। ਉਨ੍ਹਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਨਾ ਕਿਸਾਨ ਹੈ ਅਤੇ ਨਾ ਹੀ ਉਸ ਨੇ ਕਦੇ ਖੇਤੀਬਾੜੀ ਕੀਤੀ ਹੈ, ਸਿਰਫ ਜੇਲ੍ਹ ਤੋਂ ਬਾਹਰ ਆਉਣ ਦਾ ਬਹਾਨਾ ਬਣਾਇਆ ਜਾ ਰਿਹਾ ਹੈ। ਸ਼੍ਰੇਅਸੀ ਨੇ ਖੱਟਰ ਸਰਕਾਰ 'ਤੇ ਸਵਾਲ ਖੜ੍ਹਾ ਕੀਤਾ ਕਿ ਜੇਕਰ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਦੀ ਹੈ ਤਾਂ ਕੀ ਸਰਕਾਰ ਬਾਬੇ ਨੂੰ ਵਾਪਸ ਜੇਲ੍ਹ ਵਿੱਚ ਭੇਜ ਸਕੇਗੀ?