ਅਯੁੱਧਿਆ: ਸ਼ਿਵ ਸੇਨਾ ਰਾਮ ਮੰਦਰ ਦੇ ਬਹਾਨੇ ਬੀਜੇਪੀ ਵਿੱਚ ਪਾੜ ਪਾਉਣ ਦੀ ਤਿਆਰੀ ਕਰ ਰਹੀ ਹੈ। ‘ਏਬੀਪੀ ਨਿਊਜ਼’ ਨਾਲ ਗੱਲ ਕਰਦਿਆਂ ਸ਼ਿਵ ਸੇਨਾ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਉੱਤਰ ਪ੍ਰਦੇਸ਼ ਬੀਜੇਪੀ ਦੇ ਕਈ ਵੱਡੇ ਚਿਹਰੇ ਸ਼ਿਵਸੇਨਾ ਨਾਲ ਜੁੜਨ ਲਈ ਕਾਹਲੇ ਪੈ ਰਹੇ ਹਨ। ਰਾਮ ਮੰਦਰ ਦਾ ਮਾਹੌਲ ਬਣਾਉਣ ਲਈ ਸ਼ਿਵ ਸੇਨਾ ਸ਼ਨੀਵਾਰ ਨੂੰ ਅਯੁੱਧਿਆ ਵਿੱਚ ਵੱਡੇ ਪੱਧਰ 'ਤੇ ਧਰਮ ਸਭਾ ਕਰ ਰਹੇ ਹਨ, ਜਿੱਥੇ ਸ਼ਿਵ ਸੇਨਾ ਦੇ ਵੱਡੇ ਲੀਡਰ ਊਧਵ ਠਾਕਰੇ ਪਹੁੰਚ ਚੁੱਕੇ ਹਨ।

ਰਾਊਤ ਨੇ ਦੱਸਿਆ ਕਿ ਰਾਮ ਮੰਦਰ ਵਿਵਾਦ ਕਰਕੇ ਬੀਜੇਪੀ ਦੀ ਕਈ ਲੀਡਰ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਮੋਦੀ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਆਖ਼ਰ ਇਸ ਮਾਮਲੇ ’ਤੇ ਕੇਂਦਰ ਸਰਕਾਰ ਕਾਨੂੰਨ ਕਿਉਂ ਨਹੀਂ ਲਿਆ ਰਹੀ? ਰਾਊਤ ਨੇ ਕਿਹਾ ਕਿ ਬੀਜੇਪੀ ਦੇ ਆਹਲਾ ਲੀਡਰ ਉਨ੍ਹਾਂ ਦੇ ਸੰਪਰਕ ਵਿੱਚ ਹਨ। ਇਸ ਬਾਰੇ ਜ਼ਿਆਦਾ ਜਾਣਕਾਰੀ ਨਾ ਦਿੰਦਿਆਂ ਉਨ੍ਹਾਂ 25 ਨਵੰਬਰ ਦੇ ਬਾਅਦ ਇਸ ਬਾਰੇ ਖ਼ੁਲਾਸਾ ਕਰਨ ’ਤੇ ਗੱਲ ਟਾਲ ਦਿੱਤੀ।

ਸ਼ਿਵਸੇਨਾ ਵੱਲੋਂ ਅਯੁੱਧਿਆ ਵਿੱਚ ਸੱਦੀ ਗਈ ਧਰਮ ਸਭਾ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਸ਼ਿਵ ਸੈਨਿਕਾਂ ਤੇ ਹਿੰਦੂਵਾਦੀ ਵਰਕਰਾਂ ਨੇ ਸ਼ਿਰਕਤ ਕੀਤੀ ਹੈ। ਪੁਲਿਸ ਸੂਤਰਾਂ ਮੁਤਾਬਕ ਇੱਥੇ ਦੋ ਲੱਖ ਤੋਂ ਵੱਧ ਲੋਕ ਪੁੱਜਣਗੇ। ਮੁੰਬਈ ਦੇ ਸ਼ਿਵਸੇਨਾ ਪ੍ਰਧਾਨ ਊਧਵ ਠਾਕਰੇ ਵੀ ਆਪਣੀ ਪਤਨੀ ਤੇ ਬੇਟੇ ਨਾਲ ਅਯੁੱਧਿਆ ਪੁੱਜੇ ਹਨ। ਉਹ ਸਰਯੂ ਨਦੀ ਕਿਨਾਰੇ ਆਰਤੀ ਕਰਨਗੇ। ਉਨ੍ਹਾਂ ਦੇ ਦੌਰੇ ਤੇ ਹੋਰ ਸਿਆਸੀ ਗਤੀਵਿਧੀਆਂ ਨੂੰ ਵੇਖਦਿਆਂ ਅਯੁੱਧਿਆ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਉੱਧਰ, ਅਖਿਲੇਸ਼ ਯਾਦਵ ਤੇ ਮੋਦੀ ਸਰਕਾਰ ਦੇ ਹੀ ਮੰਤਰੀ ਓਮ ਪ੍ਰਕਾਸ਼ ਰਾਜਭਰ ਸਮੇਤ ਵਿਰੋਧੀ ਧਿਰਾਂ ਨੇ ਫ਼ੌਜ ਬੁਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਧਾਰਾ 144 ਲੱਗਣ ਦੇ ਬਾਵਜੂਦ ਸੂਬੇ ਵਿੱਚ ਹਜ਼ਾਰਾਂ ਲੋਕਾਂ ਦਾ ਇਕੱਠ ਹੋ ਰਿਹਾ ਹੈ। ਇਹ ਪ੍ਰਸ਼ਾਸਨ ਦੀ ਨਾਕਾਮੀ ਹੈ।