ਚੰਡੀਗੜ੍ਹ: ਡੇਰਾ ਸਿਰਸਾ ਦਿਨ ਪ੍ਰਤੀ ਦਿਨ ਘਿਰਦਾ ਨਜ਼ਰ ਆ ਰਿਹਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਆਮਦਨ ਕਰ ਵਿਭਾਗ ਦੀਆਂ ਟੀਮਾਂ ਡੇਰਾ ਸਿਰਸਾ ਦੀ ਜਾਇਦਾਦ ਦੀ ਜਾਂਚ ਸਬੰਧੀ ਸਿਰਸਾ ਪਹੁੰਚੀਆਂ ਹਨ। ਇਨਕਮ ਟੈਕਸ ਦੇ ਸਹਾਇਕ ਡਾਇਰੈਕਟਰ ਦਾਤਾ ਰਾਮ ਦੀ ਅਗਵਾਈ 'ਚ ਟੀਮ ਨੇ ਡੇਰੇ ਦੇ ਸਾਰੇ ਦਸਤਾਵੇਜ਼ ਦੇਖੇ ਤੇ ਹੋਰ ਕਈ ਤੱਥ ਇਕੱਠੇ ਕੀਤੇ ਹਨ।
ਦੱਸਣਯੋਗ ਹੈ ਕਿ ਪੰਚਕੁਲਾ 'ਚ ਹਿੰਸਾ ਤੋਂ ਬਾਅਦ ਹਾਈਕੋਰਟ ਡੇਰੇ 'ਤੇ ਕਾਫੀ ਸਖ਼ਤ ਹੋਇਆ। ਹਿੰਸਾ ਦੌਰਾਨ ਵੱਖ-ਵੱਖ ਥਾਈਂ ਹੋਏ ਨੁਕਸਾਨ ਦੀ ਭਰਪਾਈ ਡੇਰੇ ਤੋਂ ਕਰਵਾਉਣ ਦੇ ਹੁਕਮ ਦਿੱਤੇ ਸਨ। ਇਸ ਦੇ ਨਾਲ ਹੀ ਡੇਰੇ ਦੀ ਜਾਇਦਾਦ 'ਤੇ ਖ਼ਾਤਿਆਂ ਦੀ ਜਾਣਕਾਰੀ ਲੈਣ ਦੇ ਹੁਕਮ ਦਿੱਤੇ ਹਨ।
ਹੁਣ ਈ.ਡੀ. ਤੇ ਇਨਕਮ ਟੈਕਸ ਦੀਆਂ ਟੀਮਾਂ ਹਾਈਕੋਰਟ ਦੇ ਉਨ੍ਹਾਂ ਹੁਕਮਾਂ ਦੇ ਤਹਿਤ ਹੀ ਡੇਰੇ ਦੀ ਜਾਂਚ ਕਰ ਰਹੀਆਂ ਹਨ। ਲੋਕਾਂ ਨੂੰ ਸ਼ੱਕ ਹੈ ਡੇਰੇ 'ਚ ਮਨੀ ਲਾਂਡਰਿੰਗ ਜਾਂ ਹਵਾਲਾ ਜਿਹੇ ਕਾਰੇ ਹੋਏ ਹੋ ਸਕਦੇ ਹਨ। ਹਾਲਾਂਕਿ ਡੇਰੇ ਦਾ ਦਾਅਵਾ ਹੈ ਕਿ ਉਹ ਆਰਥਿਕ ਮਸਲਿਆਂ 'ਚ ਬਿਲਕੁਲ ਸਾਫ਼ ਸੁਥਰਾ ਹੈ।