Ram Rahim: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਇਸ ਵਾਰ ਰਾਮ ਰਹੀਮ ਨੂੰ 50 ਦਿਨਾਂ ਦੀ ਪੈਰੋਲ ਮਿਲੀ ਹੈ। ਇਸ ਤਰ੍ਹਾਂ ਰਾਮ ਰਹੀਮ ਨੂੰ ਪਿਛਲੇ ਚਾਰ ਸਾਲਾਂ 'ਚ ਨੌਵੀਂ ਵਾਰ ਪੈਰੋਲ ਮਿਲੀ ਹੈ। ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਜਦੋਂ ਵੀ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਜਾਂਦੀ ਹੈ ਤਾਂ ਹਰਿਆਣਾ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਜਾਂਦੀ ਹੈ। ਰਾਮ ਰਹੀਮ ਦੀ ਪੈਰੋਲ ਨੂੰ ਇਸ ਸਾਲ ਹਰਿਆਣਾ ਵਿੱਚ ਹੋਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈ।


ਜ਼ਿਕਰਯੋਗ ਹੈ ਕਿ ਸਾਲ 2017 'ਚ ਰਾਮ ਰਹੀਮ ਨੂੰ ਦੋ ਮਹਿਲਾ ਪੈਰੋਕਾਰਾਂ ਨਾਲ ਬਲਾਤਕਾਰ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸਾਲ 2019 ਵਿੱਚ ਉਸ ਨੂੰ ਆਪਣੇ ਮੁਲਾਜ਼ਮ ਰਣਜੀਤ ਸਿੰਘ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇਲਾਵਾ 2021 ਵਿੱਚ ਇੱਕ ਪੱਤਰਕਾਰ ਦੇ ਕਤਲ ਦੇ ਮਾਮਲੇ ਵਿੱਚ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।




ਰਾਮ ਰਹੀਮ ਨੂੰ ਕਦੋਂ-ਕਦੋਂ ਮਿਲੀ ਪੈਰੋਲ?


1. ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਇੱਕ ਸਾਲ ਬਾਅਦ 24 ਅਕਤੂਬਰ 2020 ਨੂੰ ਪਹਿਲੀ ਵਾਰ ਪੈਰੋਲ ਦਿੱਤੀ ਗਈ ਸੀ।


2. ਰਾਮ ਰਹੀਮ ਨੂੰ ਲਗਭਗ ਸੱਤ ਮਹੀਨਿਆਂ ਬਾਅਦ 21 ਮਈ 2021 ਨੂੰ ਦੂਜੀ ਵਾਰ ਪੈਰੋਲ ਮਿਲੀ।


3. 7 ਫਰਵਰੀ 2022 ਨੂੰ ਡੇਰਾ ਸੱਚਾ ਸੌਦਾ ਮੁਖੀ ਨੂੰ ਤੀਜੀ ਵਾਰ ਪੈਰੋਲ ਮਿਲੀ।


4. ਗੁਰਮੀਤ ਰਾਮ ਰਹੀਮ ਸਿੰਘ ਨੂੰ ਜੂਨ 2022 ਵਿੱਚ ਚੌਥੀ ਵਾਰ ਪੈਰੋਲ ਦਿੱਤੀ ਗਈ ਸੀ।


5. ਅਕਤੂਬਰ 2022 ਰਾਮ ਰਹੀਮ ਪੰਜਵੀਂ ਵਾਰ ਪੈਰੋਲ 'ਤੇ ਬਾਹਰ ਆਇਆ।


6. ਇਸ ਤੋਂ ਬਾਅਦ 21 ਜਨਵਰੀ 2023 ਨੂੰ ਡੇਰਾ ਸੱਚਾ ਸੌਦਾ ਮੁਖੀ ਨੂੰ ਛੇਵੀਂ ਵਾਰ ਪੈਰੋਲ ਮਿਲੀ।


7. ਰਾਮ ਰਹੀਮ ਨੂੰ 20 ਜੁਲਾਈ 2023 ਨੂੰ ਸੱਤਵੀਂ ਵਾਰ ਪੈਰੋਲ ਦਿੱਤੀ ਗਈ ਸੀ।


8. ਨਵੰਬਰ 2023 'ਚ ਅੱਠਵੀਂ ਵਾਰ ਡੇਰਾ ਸੱਚਾ ਸੌਦਾ ਮੁਖੀ ਨੂੰ ਪੈਰੋਲ ਮਿਲੀ।


9. ਹੁਣ ਗੁਰਮੀਤ ਰਾਮ ਰਹੀਮ ਸਿੰਘ ਨੌਵੀਂ ਵਾਰ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਉਣ ਜਾ ਰਿਹਾ ਹੈ।