Dera Sirsa : ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਸ਼ੁੱਕਰਵਾਰ ਨੂੰ 50 ਦਿਨਾਂ ਦੀ ਪੈਰੋਲ ਮਿਲ ਗਈ ਹੈ। ਰਾਮ ਰਹੀਮ ਨੂੰ ਪਿਛਲੇ 4 ਸਾਲਾਂ 'ਚ ਨੌਵੀਂ ਵਾਰ ਪੈਰੋਲ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ 2017 ਵਿੱਚ ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਇੱਕ ਪੱਤਰਕਾਰ ਦੀ ਹੱਤਿਆ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸ਼ੁੱਕਰਵਾਰ ਨੂੰ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਸਿੱਧਾ ਯੂਪੀ ਦੇ ਬਰਨਾਵਾ ਆਸ਼ਰਮ ਗਿਆ। ਜਿੱਥੇ ਡੇਰਾ ਮੁਖੀ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ।
ਡੇਰਾ ਮੁਖੀ ਨੇ ਸਮਰਥਕਾਂ ਨੂੰ ਦਿੱਤਾ ਸੰਦੇਸ਼
ਡੇਰਾ ਮੁਖੀ ਰਾਮ ਰਹੀਮ ਨੇ ਆਪਣੇ ਬਰਨਾਵਾ ਆਸ਼ਰਮ ਤੋਂ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਦਾ ਤਿਉਹਾਰ 22 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਤੁਹਾਨੂੰ ਸਾਰਿਆਂ ਨੂੰ ਵੀ ਉਸ ਤਿਉਹਾਰ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਸਾਰੇ ਭਗਵਾਨ ਸ਼੍ਰੀ ਰਾਮ ਦੇ ਬੱਚੇ ਹਾਂ। ਇਹ ਤਿਉਹਾਰ ਦੀਵਾਲੀ ਵਾਂਗ ਮਨਾਇਆ ਜਾਣਾ ਚਾਹੀਦਾ ਹੈ। ਇਸ ਲਈ ਸਾਰਿਆਂ ਨੂੰ ਸ਼ੁਭਕਾਮਨਾਵਾਂ। ਇਸ ਦੇ ਨਾਲ ਹੀ ਰਾਮ ਰਹੀਮ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਕੋਈ ਵੀ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਨਾ ਆਵੇ।
50 ਦਿਨਾਂ ਦੀ ਪੈਰੋਲ 'ਤੇ ਬਾਹਰ ਰਾਮ ਰਹੀਮ
ਦੱਸ ਦੇਈਏ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਇਸ ਵਾਰ 50 ਦਿਨਾਂ ਦੀ ਪੈਰੋਲ ਮਿਲੀ ਹੈ। ਇਸ ਤੋਂ ਪਹਿਲਾਂ ਨਵੰਬਰ 2023 ਵਿੱਚ ਹੀ ਰਾਮ ਰਹੀਮ ਨੂੰ 21 ਦਿਨਾਂ ਲਈ ਫਰਲੋ ਮਿਲਿਆ ਸੀ। ਰਾਮ ਰਹੀਮ 13 ਦਸੰਬਰ ਨੂੰ ਹੀ ਜੇਲ੍ਹ ਪਰਤਿਆ ਸੀ। ਹੁਣ ਸਾਲ 2024 ਦੇ ਪਹਿਲੇ ਮਹੀਨੇ ਹੀ ਰਾਮ ਰਹੀਮ ਨੂੰ ਫਿਰ 50 ਦਿਨਾਂ ਦੀ ਪੈਰੋਲ ਮਿਲ ਗਈ ਹੈ।
ਜ਼ਿਕਰ ਕਰ ਦਈਏ ਕਿ ਪੈਰੋਲ ਲੈਣ ਲਈ ਰਾਮ ਰਹੀਮ ਨੇ ਸਭ ਤੋਂ ਪਹਿਲਾਂ ਆਪਣੀ ਬਿਮਾਰ ਮਾਂ ਨੂੰ ਦੇਖਣ ਦੀ ਗੁਹਾਰ ਲਗਾਈ ਸੀ। ਇੱਕ ਵਾਰ ਰਾਮ ਰਹੀਮ ਨੇ ਆਪਣੀਆਂ ਗੋਦ ਲਈਆਂ ਧੀਆਂ ਦੇ ਵਿਆਹ ਲਈ ਪੈਰੋਲ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਰਾਮ ਰਹੀਮ ਨੇ ਯੂਪੀ ਆਸ਼ਰਮ ਦੇ ਆਲੇ-ਦੁਆਲੇ ਆਪਣੇ ਖੇਤਾਂ ਦੀ ਦੇਖਭਾਲ ਕਰਨ ਅਤੇ ਇਕ ਵਾਰ ਸਾਬਕਾ ਡੇਰਾ ਮੁਖੀ ਸ਼ਾਹ ਸਤਨਾਮ ਦੀ ਜਯੰਤੀ ਮਨਾਉਣ ਲਈ ਪੈਰੋਲ ਦੀ ਮੰਗ ਕੀਤੀ ਹੈ।