ਰੋਹਤਕ: ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਯਾਫ਼ਤਾ ਰਾਮ ਰਹੀਮ ਇਨ੍ਹੀਂ ਦਿਨੀਂ ਡਾਕ ਵਿਭਾਗ ਤੇ ਪ੍ਰਸ਼ਾਸਨ ਲਈ ਮੁਸੀਬਤ ਦਾ ਸਬੱਬ ਬਣਿਆ ਹੋਇਆ ਹੈ। ਦਰਅਸਲ 15 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਨਾਲ-ਨਾਲ ਰਾਮ ਰਹੀਮ ਦਾ 52ਵਾਂ ਜਨਮ ਦਿਨ ਵੀ ਹੈ। ਅਜਿਹੇ ਵਿੱਚ, ਹਰ ਰੋਜ਼ ਉਸ ਦੇ ਨਾਂ ਇੱਕ ਹਜ਼ਾਰ ਤੋਂ ਵੱਧ ਰੱਖੜੀਆਂ ਤੇ ਵਧਾਈ ਪੱਤਰ ਭੇਜੇ ਜਾ ਰਹੇ ਹਨ। ਪਿਛਲੇ ਸਾਲ ਰਾਮ ਰਹੀਮ ਨੂੰ ਜੇਲ੍ਹ ਵਿੱਚ ਇੱਕ ਟਨ ਕਾਰਡ ਤੇ ਰੱਖੜੀਆਂ ਆਈਆਂ ਸੀ।


ਡਾਕ ਵਿਭਾਗ ਮੁਤਾਬਕ ਰਾਮ ਰਹੀਮ ਨੂੰ 11 ਦਿਨਾਂ ਵਿੱਚ ਤਕਰੀਬਨ 8 ਹਜ਼ਾਰ ਚਿੱਠੀਆਂ ਭੇਜੀਆਂ ਗਈਆਂ ਹਨ, ਜੋ 18 ਬੋਰੀਆਂ ਵਿੱਚ ਆਈਆਂ ਹਨ। ਇਸ ਲਈ ਮੁਲਾਜ਼ਮਾਂ ਨੂੰ ਕਾਫ਼ੀ ਸੰਘਰਸ਼ ਕਰਨਾ ਪੈ ਰਿਹਾ ਹੈ। ਇਹ ਪੱਤਰ ਹਰਿਆਣਾ, ਪੰਜਾਬ, ਦਿੱਲੀ, ਹਿਮਾਚਲ, ਉਤਰਾਖੰਡ ਤੇ ਹੋਰ ਸੂਬਿਆਂ ਤੋਂ ਪਹੁੰਚ ਰਹੇ ਹਨ। ਇਨ੍ਹਾਂ ਵਿੱਚ ਕੁਝ ਅੰਤਰਰਾਸ਼ਟਰੀ ਪੋਸਟਾਂ ਵੀ ਸ਼ਾਮਲ ਹਨ। ਚਿੱਠੀਆਂ ਉੱਤੇ ਨਾ ਤਾਂ ਕੈਦੀ ਨੰਬਰ ਤੇ ਨਾ ਹੀ ਬੈਰਕ ਦਾ ਜ਼ਿਕਰ ਹੁੰਦਾ ਹੈ। ਚਿੱਠੀ 'ਤੇ ਸਿਰਫ ਪਤਾ- ਸੰਤ ਡਾ. ਰਾਮ ਰਹੀਮ ਸਿੰਘ ਇੰਸਾ, ਸੁਨਾਰੀਆ ਜੇਲ੍ਹ, ਰੋਹਤਕ ਲਿਖਿਆ ਹੋਇਆ ਹੈ।


ਮੁੱਖ ਡਾਕਘਰ ਤੋਂ ਆਟੋ ਤੋਂ ਬੋਰੇ ਵਿੱਚ ਰੱਖੜੀਆਂ ਛੇ ਕਿਮੀ ਦੂਰ ਜੇਲ੍ਹ ਵਿੱਚ ਡਾਕਘਰ ਭੇਜੀਆਂ ਜਾ ਰਹੀਆਂ ਹਨ। ਦੋ ਅਸਥਾਈ ਮੁਲਾਜ਼ਮ ਚਿੱਠੀਆਂ ਦੀ ਛਾਂਟੀ ਲਈ ਲਾਏ ਹਨ, ਜੋ ਮੋਟਰ ਸਾਈਕਲ 'ਤੇ ਜੇਲ੍ਹ ਨੂੰ ਡਾਕ ਸੌਪਦੇ ਹਨ। ਜੇਲ੍ਹ ਪ੍ਰਸ਼ਾਸਨ ਇੱਕ-ਇੱਕ ਦੀ ਸਕੈਨਿੰਗ ਬਾਅਦ ਚਿੱਠੀ ਰਾਮ ਰਹੀਮ ਦੀ ਬੈਰਕ 'ਚ ਪਹੁੰਚਾਉਂਦਾ ਹੈ। ਰਾਮ ਰਹੀਮ ਰੋਜ਼ ਚਿੱਠੀ ਪੜ੍ਹ ਕੇ ਵਾਪਸ ਕਰ ਦਿੰਦਾ ਹੈ, ਕੁਝ ਦਾ ਜਵਾਬ ਵੀ ਦਿੰਦਾ ਹੈ।