ਚੰਡੀਗੜ੍ਹ: ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਪਿਛਲੇ ਦਿਨੀਂ ਕਰਾਚੀ ਵਿੱਚ ਪਰਫਾਰਮ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਪਰਫਾਰਮੈਂਸ ਬਾਰੇ ਵੱਡਾ ਵਿਵਾਦ ਖੜ੍ਹਾ ਹੋ ਗਿਆ। ਇੱਕ ਪਾਸੇ ਉਸ ਨੂੰ ਦੇਸ਼ ਭਰ ਤੋਂ ਸੋਸ਼ਲ ਮੀਡੀਆ 'ਤੇ ਵਿਰੋਧ ਤੇ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਉਸ ਦੇ ਖਿਲਾਫ ਸਖਤ ਕਦਮ ਚੁੱਕਿਆ ਗਿਆ ਹੈ।
ਬੀਤੀ ਰਾਤ ਆਲ ਇੰਡੀਆ ਸਿਨੇ ਵਰਕਰ ਐਸੋਸੀਏਸ਼ਨ ਨੇ ਇਸ ਪ੍ਰਦਰਸ਼ਨ ਕਾਰਨ ਮੀਕਾ ਸਿੰਘ 'ਤੇ ਬੈਨ ਲਾ ਦਿੱਤਾ ਹੈ। ਸਿਨੇ ਐਸੋਸੀਏਸ਼ਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਇਸ ਬੈਨ ਦੇ ਵਿਰੁੱਧ ਜਾਂਦਾ ਹੈ ਤੇ ਮੀਕਾ ਨਾਲ ਕੰਮ ਕਰਦਾ ਹੈ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦਰਅਸਲ ਮੀਕਾ ਸਿੰਘ ਨੇ 8 ਅਗਸਤ ਦੀ ਰਾਤ ਨੂੰ ਕਰਾਚੀ ਦੇ ਇੱਕ ਮਹਿਲਨੁਮਾ ਬੰਗਲੇ ਵਿੱਚ ਪਰਫਾਰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ ਵਿੱਚ ਆਈਐਸਆਈ ਦੇ ਚੋਟੀ ਦੇ ਅਧਿਕਾਰੀ ਤੇ ਭਾਰਤ ਦੇ ਮੋਸਟ ਵਾਂਟੇਡ ਦਾਊਦ ਇਬਰਾਹਿਮ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ।
ਜਸ਼ਨ ਦਾ ਆਯੋਜਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਪਰਵੇਜ਼ ਮੁਸ਼ੱਰਫ ਦੇ ਨਜ਼ਦੀਕੀ ਮੰਨੇ ਜਾਂਦੇ ਅਦਨਾਨ ਅਸਦ ਨੇ ਕੀਤਾ ਸੀ। ਜਨਰਲ ਪਰਵੇਜ਼ ਮੁਸ਼ੱਰਫ ਦੇ ਰਿਸ਼ਤੇਦਾਰ ਅਸਦ ਨੇ ਆਪਣੀ ਬੇਟੀ ਸੇਲੀਨਾ ਦੇ ਮਹਿੰਦੀ ਪ੍ਰੋਗਰਾਮ ਵਿੱਚ 'ਮੀਕਾ ਸਿੰਘ ਨਾਈਟ' ਦਾ ਆਯੋਜਨ ਕੀਤਾ ਸੀ।