ਨਵੀਂ ਦਿੱਲੀ: ਕੇਂਦਰੀ ਉਪਭੋਗਤਾ ਮਾਮਲੇ, ਖਾਧ ਤੇ ਜਨਤਕ ਵੰਡ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਸਰਕਾਰ ਬੋਤਲਬੰਦ ਪਾਣੀ ਤੇ ਡੱਬਾਬੰਦ ਖਾਣੇ ਨੂੰ ਐਮਆਰਪੀ ਤੋਂ ਵੱਧ ਕੀਮਤ 'ਤੇ ਵੇਚਣ ਜਾਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਲੀਗਲ ਮੈਟਰੋਲਾਜੀ ਕਾਨੂੰਨ 2009 ਵਿੱਚ ਸੋਧ ਕਰੇਗੀ।


ਪਾਸਵਾਨ ਨੇ ਕਿਹਾ ਕਿ ਲੋਕਸਭਾ ਵਿੱਚ ਕਿਹਾ ਕਿ ਉਨ੍ਹਾਂ ਨੂੰ ਬੋਤਲਬੰਦ ਪਾਣੀ ਤੇ ਡੱਬਾਬੰਦ ਖਾਧ ਪਦਾਰਥਾਂ ਨੂੰ MRP ਤੋਂ ਵੱਧ ਰੇਟਾਂ 'ਤੇ ਵੇਚੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਇਸ 'ਤੇ ਸਖ਼ਤ ਕਾਰਵਾਈ ਲਈ ਕਦਮ ਵੀ ਚੁੱਕਿਆ ਸੀ ਪਰ ਮਾਮਲੇ ਅਦਾਲਤ ਵਿੱਚ ਚਲੇ ਜਾਂਦੇ ਹਨ। ਮੰਤਰੀ ਨੇ ਕਿਹਾ ਕਿ ਹੁਣ ਸਰਕਾਰ ਨੇ ਸੋਚਿਆ ਹੈ ਕਿ ਲੀਗਲ ਮੈਟਰੋਲਾਜੀ ਕਾਨੂੰਨ ਵਿੱਚ ਸੋਧ ਕੀਤੀ ਜਾਏ।

ਉਨ੍ਹਾਂ ਕਿਹਾ ਕਿ ਲੋਕ ਫਿਰ ਵੀ ਅਦਾਲਤ ਵਿੱਚ ਜਾ ਸਕਦੇ ਹਨ ਪਰ ਇਹ ਗਲਤ ਹੈ ਕਿ ਹੋਟਲ ਦੇ ਬਾਹਰ ਕੋਈ ਚੀਜ਼ ਘੱਟ ਰੇਟ 'ਤੇ ਮਿਲੇ ਤੇ ਹੋਟਲ ਦੇ ਅੰਦਰ ਜ਼ਿਆਦਾ ਰੇਟ 'ਤੇ ਮਿਲੇ। ਏਅਰਪੋਰਟ 'ਤੇ ਰੇਟ ਕੁਝ ਹੋਰ ਤੇ ਜਹਾਜ਼ ਦੇ ਅੰਦਰ ਕੁਝ ਹੋਰ, ਇਹ ਸਹੀ ਨਹੀਂ। ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰ ਰਹੇ ਹਨ।