ਚੰਡੀਗੜ੍ਹ: ਹੁਣ ਇਹ ਪਤਾ ਲਾਉਣਾ ਆਸਾਨ ਹੋਏਗਾ ਕਿ ਪੁਲਿਸ ਵੱਲੋਂ ਫੜਿਆ ਗਿਆ ਅਪਰਾਧੀ ਪੁੱਛਗਿੱਛ ਦੌਰਾਨ ਸੱਚ ਬੋਲ ਰਿਹਾ ਹੈ ਜਾਂ ਝੂਠ? ਲੰਦਨ ਦੇ ਸਟਾਰਟਅੱਪ ਫੇਸਸਾਫਟ ਨੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਨਾਲ ਲੈਸ ਅਜਿਹਾ ਸਿਸਟਮ ਤਿਆਰ ਕੀਤਾ ਹੈ ਜੋ ਹਾਵ-ਭਾਵ ਨੂੰ ਪੜ੍ਹ ਤੇ ਸੱਚ ਤੇ ਝੂਠ ਦੀ ਪਛਾਣ ਕਰ ਸਕੇਗਾ। ਜਲਦ ਹੀ ਬ੍ਰਿਟੇਨ ਤੇ ਭਾਰਤ ਵਿੱਚ ਮੁੰਬਈ ਪੁਲਿਸ ਇਸ ਦਾ ਟ੍ਰਾਇਲ ਕਰੇਗੀ। ਏਆਈ ਸਿਸਟਮ ਵਿੱਚ 30 ਕਰੋੜ ਤੋਂ ਜ਼ਿਆਦਾ ਚਿਹਰਿਆਂ ਦੇ ਹਾਵ-ਭਾਵ ਸ਼ਾਮਲ ਕੀਤੇ ਗਏ ਹਨ।


ਸਿਸਟਮ ਬਣਾਉਣ ਵਾਲੀ ਫਰਮ ਮੁਤਾਬਕ ਚਿਹਰੇ 'ਤੇ ਮੌਜੂਦ ਮਾਈਕਰੋ ਐਕਸਪ੍ਰੈਸ਼ਨ ਤੋਂ ਜਾਣਕਾਰੀ ਮਿਲਦੀ ਹੈ ਕਿ ਤੁਹਾਡੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ। ਮਨੋਵਿਗਿਆਨੀਆਂ ਨੇ 1960 ਵਿੱਚ ਪਹਿਲੀ ਵਾਰ ਇਸ ਦਾ ਪਤਾ ਲਾਇਆ ਸੀ। ਮਨੋਵਿਗਿਆਨੀਆਂ ਨੇ ਪਹਿਲੀ ਵਾਰ ਇਸ ਨੂੰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮਰੀਜ਼ਾਂ ਵਿੱਚ ਵੇਖਿਆ ਸੀ ਜੋ ਅਕਸਰ ਦਿਮਾਗ ਵਿੱਚ ਚੱਲ ਰਹੇ ਨਾਕਾਰਾਤਮਕ ਵਿਚਾਰਾਂ ਨੂੰ ਲੁਕਾ ਰਹੇ ਸੀ।

ਫੇਸਸਾਫਟ ਦੇ ਫਾਊਂਡਰ ਡਾ. ਪੋਨਿਆਹ ਨੇ ਦੱਸਿਆ ਕਿ ਜੇ ਕੋਈ ਇਨਸਾਨ ਜ਼ਬਰਦਸਤੀ ਮੁਸਕੁਰਾਉਂਦਾ ਹੈ ਤਾਂ ਇਹ ਭਾਵ ਉਸ ਦੀਆਂ ਅੱਖਾਂ ਵਿੱਚ ਨਜ਼ਰ ਆਉਂਦਾ ਹੈ। ਇਹ ਇੱਕ ਤਰ੍ਹਾਂ ਦਾ ਮਾਈਕਰੋ ਐਕਸਪ੍ਰੈਸ਼ਨ ਹੈ। ਖੋਜ ਵਿੱਚ ਇਮਪੀਰੀਅਲ ਕਾਲਜ ਲੰਦਨ ਦੇ ਏਆਈ ਮਾਹਰ ਸਟੇਫਿਨੋਜ ਮੁਤਾਬਕ ਪੁੱਛਗਿੱਛ ਦੌਰਾਨ ਅਪਰਾਧੀ ਦੇ ਚਿਹਰੇ 'ਤੇ ਦਿੱਸਣ ਵਾਲੇ ਅਸੁਭਾਵਿਕ ਭਾਵਾਂ ਨੂੰ ਰਿਕਾਰਡ ਕੀਤਾ ਜਾ ਸਕੇਗਾ। ਇਸ ਦੇ ਬਾਅਦ ਮਨੋਵਿਗਾਆਨੀ ਇਸ ਦਾ ਵਿਸ਼ਲੇਸ਼ਣ ਕਰਨਗੇ।

ਏਆਈ ਸਿਸਟਮ ਵਿੱਚ ਐਲਗੋਰਿਦਮ ਡੇਟਾਬੇਸ ਨਾਲ 30 ਕਰੋੜ ਤੋਂ ਜ਼ਿਆਦਾ ਇਨਸਾਨੀ ਚਿਹਰਿਆਂ ਦੇ ਭਾਵ ਸਟੋਰ ਕੀਤੇ ਗਏ ਹਨ। ਇਨ੍ਹਾਂ ਵਿੱਚ ਹਰ ਉਮਰ ਵਰਗ ਤੇ ਜੈਂਡਰ ਦੀਆਂ ਤਸਵੀਰਾਂ ਸ਼ਾਮਲ ਹਨ। ਇਨ੍ਹਾਂ ਵਿੱਚ ਖ਼ੁਸ਼ੀ, ਡਰ, ਹੈਰਾਨੀ ਤੇ ਹੋਰ ਭਾਵ ਸ਼ਾਮਲ ਹਨ। ਸਿਸਟਮ ਇਹ ਜਾਣਕਾਰੀ ਵੀ ਦਏਗਾ ਕਿ ਇਹ ਭਾਵ ਘੱਟ ਹਨ ਜਾਂ ਜ਼ਿਆਦਾ।