ਨਵੀਂ ਦਿੱਲੀ: ਕਾਂਗਰਸ ਦੇ ਪੀਐਮ ਕੇਅਰਸ ਫੰਡ ਕੋਸ਼ ਨੂੰ ਲੈਕੇ ਬੁੱਧਵਾਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਸ ਨੂੰ ਮਿਲੀ ਵਿਦੇਸ਼ੀ ਗ੍ਰਾਂਟ ਦੀ ਜਾਂਚ ਹੋਣੀ ਚਾਹੀਦੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਸ ਕੋਸ਼ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਤੇ ਇਸ ਨੂੰ ਮਿਲੇ ਪੈਸੇ ਦਾ ਵੇਰਵਾ ਜਨਤਕ ਕੀਤਾ ਜਾਣਾ ਚਾਹੀਦਾ ਹੈ।


ਉਨ੍ਹਾਂ ਟਵੀਟ ਕੀਤਾ, 'ਚੀਨ ਪਾਕਿਸਤਾਨ ਤੇ ਕਤਰ ਤੋਂ ਪੀਐਮ ਕੇਅਰਸ 'ਚ ਪੈਸਾ ਲੈਣ ਦਾ ਮਾਮਲਾ ਹੈ। ਪ੍ਰਧਾਨ ਮੰਤਰੀ ਨੂੰ ਸਵਾਲ ਹੈ ਕਿ ਭਾਰਤੀ ਦੂਤਾਂਵਾਸਾਂ ਨੇ ਪੀਐਮ ਕੇਅਰਸ ਦਾ ਪ੍ਰਚਾਰ ਕਿਉਂ ਕੀਤਾ ਤੇ ਇਸ 'ਚ ਗਰਾਂਟ ਕਿਉਂ ਲਈ? ਪਾਬੰਦੀਸ਼ੁਦਾ ਚੀਨੀ ਐਪ 'ਤੇ ਇਸ ਕੋਸ਼ ਦਾ ਪ੍ਰਚਾਰ ਕਿਉਂ ਕੀਤਾ ਗਿਆ।'





ਰਣਦੀਪ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਭਾਰਤੀ ਦੂਤਾਵਾਸਾਂ ਨੇ PM Cares Fund 'ਚ ਪ੍ਰਚਾਰ ਤੇ ਦਾਨ ਕਿਉਂ ਪ੍ਰਾਪਤ ਕੀਤਾ। ਉੱਥੇ ਹੀ ਉਨ੍ਹਾਂ ਸਵਾਲ ਕੀਤਾ ਹੈ ਕਿ ਉਹ ਕਿਹੜੇ ਅਜਿਹੇ 27 ਦੇਸ਼ ਹਨ ਜਿੱਥੋਂ ਕਰੋੜਾਂ ਰੁਪਏ ਦੀ ਫੰਡਿੰਗ ਹੋ ਰਹੀ ਹੈ।





ਸੁਰਜੇਵਾਲਾ ਨੇ ਇਹ ਸਵਾਲ ਕੀਤਾ ਕਿ ਪਾਕਿਸਤਾਨ ਤੇ ਕਤਰ ਤੋਂ ਕਿੰਨੇ ਪੈਸੇ ਆਏ ਤੇ ਇਹ ਗਰਾਂਟ ਕਿਸਨੇ ਦਿੱਤੀ। ਉਨ੍ਹਾਂ ਇਹ ਵੀ ਪੁੱਛਿਆ, ਇਸ ਕੋਸ਼ ਨੂੰ ਵਿਦੇਸ਼ੀ ਗਰਾਂਟ ਨਿਯਮ ਐਕਟ (FCRA) ਦੇ ਦਾਇਰੇ 'ਚ ਵੱਖ ਕਿਉਂ ਰੱਖਿਆ ਗਿਆ। ਕੀ ਇਹ ਭਾਰਤ ਇਕਲੌਤਾ ਅਜਿਹਾ ਟ੍ਰਸਟ ਨਹੀਂ ਹੈ ਜਿਸ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।