ਨਵੀਂ ਦਿੱਲੀ: ਅਕਸਰ ਵਿਵਾਦਾਂ ‘ਚ ਰਹਿਣ ਵਾਲੀ ਰੈਪਰ ਹਾਰਡ ਕੌਰ ਨੇ ਇੱਕ ਵਾਰ ਫੇਰ ਵਿਵਾਦਤ ਬੋਲ ਕਹੇ ਹਨ। ਇਸ ਵਾਰ ਹਾਰਡ ਕੌਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਹਾਰਡ ਕੌਰ ਨੇ ਦੋਵਾਂ ਨੂੰ ‘ਡਰਪੋਕ’ ਕਿਹਾ ਹੈ।


ਅਸਲ ‘ਚ ਹਾਰਡ ਕੌਰ ਨੇ ਖਾਲਿਸਤਾਨੀ ਪੱਖੀਆਂ ਨਾਲ ਵੀਡੀਓ ਸ਼ੇਅਰ ਕੀਤਾ ਹੈ। ਇਸ ‘ਚ ਉਸ ਨੇ ਭਾਰਤ ਤੋਂ ਵੱਖ ਖਾਲਿਸਤਾਨ ਦੀ ਮੰਗ ਕੀਤੀ ਹੈ। ਵੀਡੀਓ ‘ਚ ਉਸ ਨੇ ਕਿਹਾ, “ਇਹ ਸਾਡਾ ਹੱਕ ਹੈ, ਜਿਸ ਨੂੰ ਅਸੀਂ ਲੈ ਕੇ ਰਹਾਂਗੇ। ਇਹ ਵਾਲਾ 15 ਅਗਸਤ ਸਿੱਖਾਂ ਲਈ ਆਜ਼ਾਦੀ ਦਿਹਾੜਾ ਨਹੀਂ ਤੇ ਇਸ ਲਈ ਅਸੀਂ 15 ਅਗਸਤ ਨੂੰ ਸਾਰੇ ਖਾਲਿਸਤਾਨੀ ਝੰਡੇ ਲਹਿਰਾਵਾਂਗੇ।”


ਇਹ ਕੋਈ ਪਹਿਲਾਂ ਮੌਕਾ ਨਹੀਂ ਜਦੋਂ ਹਾਰਡ ਕੌਰ ਨੇ ਕੋਈ ਵਿਵਾਦਤ ਬਿਆਨ ਦਿੱਤਾ ਹੋਵੇ। ਉਹ ਇਸ ਤੋਂ ਪਹਿਲਾਂ ਵੀ ਕਈ ਨੇਤਾਵਾਂ ਲਈ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰ ਚੁੱਕੀ ਹੈ। ਹਾਰਡ ਕੌਰ ਨੇ ਹਾਲ ਹੀ ‘ਚ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੇ ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਅੱਤਵਾਦੀ ਕਿਹਾ ਸੀ।