ਨਵੀਂ ਦਿੱਲੀ: ਮੋਦੀ ਸਰਕਾਰ ਦੇਸ਼ ਵਿੱਚ ਕਿਸੇ ਵੀ ਆਰਥਿਕ ਮੰਦੀ ਨੂੰ ਮੰਨਣ ਲਈ ਤਿਆਰ ਨਹੀਂ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਣੇ ਬੀਜੇਪੀ ਲੀਡਰ ਸਾਰੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਦਾਅਵੇ ਕਰ ਰਹੇ ਹਨ ਕਿ ਹਲਾਤ ਬਹੁਤ ਵਧੀਆ ਹਨ। ਬੀਜੇਪੀ ਵਿਰੋਧੀ ਪਾਰਟੀਆਂ ਸਣੇ ਕੌਮਾਂਤਰੀ ਰਿਪੋਰਟਾਂ ਨੂੰ ਵੀ ਮੰਨਣ ਲਈ ਤਿਆਰ ਨਹੀਂ।

ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਤਾਂ ਸ਼ਨੀਵਾਰ ਨੂੰ ਹੱਦ ਹੀ ਕਰਦਿਆਂ ਅਜੀਬ ਤਰਕ ਦੇ ਦਿੱਤਾ। ਉਨ੍ਹਾਂ ਕਿਹਾ ਕਿ ਦੋ ਅਕਤੂਬਰ ਦੀ ਛੁੱਟੀ ਵਾਲੇ ਦਿਨ ਬੌਲੀਵੁੱਡ ਦੀਆਂ ਤਿੰਨ ਫਿਲਮਾਂ ਵੱਲੋਂ 120 ਕਰੋੜ ਰੁਪਏ ਦੀ ਕਮਾਈ ਕੀਤੀ ਗਈ। ਇਸ ਤੋਂ ‘ਵਧੀਆ ਅਰਥਚਾਰੇ’ ਦੇ ਸੰਕੇਤ ਮਿਲਦੇ ਹਨ। ਉਨ੍ਹਾਂ ਨੇ ਐਨਐਸਐਸਓ ਦੀ ਰਿਪੋਰਟ ਨੂੰ ਵੀ ਗਲਤ ਕਰਾਰ ਦਿੱਤਾ, ਜਿਸ ਵਿੱਚ 2017 ਦੀ ਬੇਰੁਜ਼ਗਾਰੀ ਦਰ ਨੂੰ 45 ਸਾਲਾਂ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਕਰਾਰ ਦਿੱਤਾ ਗਿਆ ਹੈ।

ਉਧਰ ਸੋਸ਼ਲ ਮੀਡੀਆ 'ਤੇ ਪ੍ਰਸ਼ਾਦ ਦਾ ਖੂਬ ਮਖੌਲ ਉੱਡਿਆ। ਇਸ ਮਗਰੋਂ ਉਨ੍ਹਾਂ ਨੇ ਆਪਣਾ ਬਿਆਨ ਵਾਪਸ ਲੈ ਲਿਆ। ਉਨ੍ਹਾਂ  ਕਿਹਾ ਕਿ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਉਹ ਇਸ ਬਿਆਨ ਨੂੰ ਵਾਪਸ ਲੈਂਦੇ ਹਨ। ਦੂਜੇ ਪਾਸੇ ਕਾਂਗਰਸ ਤੱਥਾਂ ਨੂੰ ਲੁਕਾਉਣ ਦੇ ਇਲਜ਼ਾਮ ਲਾ ਰਹੀ ਹੈ। ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦਾ ਵਿੱਤੀ ਘਾਟਾ 3.3 ਫੀਸਦ ਨਹੀਂ ਬਲਕਿ ਅਸਲ ਵਿੱਚ ਅੱਠ ਫੀਸਦ ਤੋਂ ਵੀ ਵੱਧ ਹੈ ਪਰ ਸਰਕਾਰ ਝੂਠ ਬੋਲੀ ਜਾ ਰਹੀ ਹੈ।




ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਵੱਲੋਂ ਭਾਰਤ ਤੇ ਬ੍ਰਾਜ਼ੀਲ ਵਿੱਚ ਇਸ ਵਰ੍ਹੇ ਆਰਥਿਕ ਮੰਦੀ ਦਾ ਅਸਰ ਸਭ ਤੋਂ ਵੱਧ ਹੋਣ ਬਾਰੇ ਪ੍ਰਸਾਦ ਨੇ ਕਿਹਾ ਕਿ ਇਹ ਮਾਪ ਅਧੂਰਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਖ਼ਿਲਾਫ਼ ਡਟੇ ਕੁਝ ਜਥੇਬੰਦਕ ਲੋਕਾਂ ਵੱਲੋਂ ਬੇਰੁਜ਼ਗਾਰੀ ਦੇ ਮੁੱਦੇ ’ਤੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।


ਉਂਝ ਸਰਕਾਰ ਨੇ ਅਗਸਤ ਮਹੀਨੇ ਵਿੱਚ ਸਨਅਤੀ ਉਤਪਾਦਨ 1.1 ਫੀਸਦ ਘਟਣ ਦਾ ਦਾਅਵਾ ਕੀਤਾ ਹੈ। ਕਾਂਗਰਸ ਨੇ ਇਸ ਨੂੰ ਝੂਠ ਕਰਾਰ ਦਿੰਦਿਆਂ ਕਿਹਾ ਹੈ ਕਿ ਵਿੱਤੀ ਘਾਟਾ 3.3 ਫੀਸਦ ਨਹੀਂ ਬਲਕਿ ਅਸਲ ਵਿੱਚ ਅੱਠ ਫੀਸਦ ਤੋਂ ਵੀ ਵੱਧ ਹੈ। ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਭਾਰਤੀ ਆਰਥਿਕਤਾ ਦੇ ਘਾਟੇ ਤੋਂ ਸੰਕਟ ਵੱਲ ਵਧਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਇਸ ਸਥਿਤੀ ਤੋਂ ‘ਅਣਜਾਣ’ ਹਨ।