ਨਵੀਂ ਦਿੱਲੀ: ਕੇਂਦਰੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ 50,000 ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਿਜ਼ਰਵ ਬੈਂਕ ਨੇ ਰਿਵਰਸ ਰੈਪੋ ਦਰ ਵਿੱਚ ਚੌਥਾ ਹਿੱਸਾ ਹੋਰ ਕਟੌਤੀ ਕਰ ਦਿੱਤੀ ਹੈ।


ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਰਬੀਆਈ ਗਵਰਨਰ ਨੇ ਦੱਸਿਆ ਕਿ ਰਿਵਰਸ ਰੈਪੋ ਦਰ ਨੂੰ 4 ਫ਼ੀਸਦ ਤੋਂ ਘਟਾ ਕੇ 3.75 ਫ਼ੀਸਦ ਕੀਤਾ ਜਾ ਰਿਹਾ ਹੈ ਤਾਂ ਕਿ ਬੈਂਕ ਹੋਰ ਕਰਜ਼ੇ ਦੇ ਸਕਣ। ਉਨ੍ਹਾਂ ਦੱਸਿਆ ਕਿ ਨਾਬਾਰਡ ਨੂੰ 25,000 ਕਰੋੜ ਰੁਪਏ ਦੀ ਮਦਦ ਦਿੱਤੀ ਜਾਵੇਗੀ ਅਤੇ ਨੈਸ਼ਨਲ ਹਾਊਸਿੰਗ ਬੈਂਕ ਨੂੰ ਵੀ 10,000 ਕਰੋੜ ਰੁਪਏ ਜਾਰੀ ਕੀਤੇ ਜਾਣਗੇ।

ਇਸ ਦੇ ਨਾਲ ਹੀ SIDBI ਨੂੰ 15,000 ਕਰੋੜ ਰੁਪਏ ਦੀ ਮਦਦ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ TLTRO-2 ਦੀ ਸ਼ੁਰੂਆਤ ਅੱਜ ਤੋਂ ਹੀ ਕੀਤੀ ਜਾਂਦੀ ਹੈ, ਜਿਸ ਤਹਿਤ ਕੁੱਲ 50,000 ਕਰੋੜ ਰੁਪਏ ਦੀ ਸ਼ੁਰੂਆਤੀ ਮਦਦ ਕੀਤੀ ਜਾਵੇਗੀ। ਗਵਰਨਰ ਨੇ ਕੋਰੋਨਾ ਮਹਾਮਾਰੀ ਵਿੱਚ ਮੈਡੀਕਲ ਤੇ ਹੋਰਨਾਂ ਖੇਤਰਾਂ ਦੇ ਮੁਲਾਜ਼ਮਾਂ ਦੀ ਸ਼ਲਾਘਾ ਕਰਦਿਆਂ ਇਸ ਬਿਮਾਰੀ ਨਾਲ ਹੋਏ ਕੌਮਾਂਤਰੀ ਵਿੱਤੀ ਨਿਘਾਰ ਬਾਰੇ ਵੀ ਚਿੰਤਾ ਪ੍ਰਗਟ ਕੀਤੀ।

ਦਾਸ ਨੇ ਕਿਹਾ ਕਿ ਕੋਰੋਨਾ ਕਾਰਨ ਪੂਰੀ ਦੁਨੀਆ ਵੱਡੀ ਮੰਦੀ ਵੱਲ ਵੱਧ ਰਹੀ ਹੈ, ਪਰ ਉਹ ਆਪਣੇ ਦੇਸ਼ ਦੇ ਹਾਲਾਤ ਸੰਭਾਲਣ ਵਿੱਚ ਜੁਟੇ ਹੋਏ ਹਨ। ਗਵਰਨਰ ਮੁਤਾਬਕ ਇਸ ਮੰਦੀ ਕਾਰਨ ਭਾਰਤ ਦੀ ਵਿਕਾਸ ਦਰ 1.9 ਫ਼ੀਸਦ ਰਹਿਣ ਦਾ ਅੰਦਾਜ਼ਾ ਹੈ। ਉਨ੍ਹਾਂ ਕਿਹਾ ਕਿ ਜੀ-20 ਦੇਸ਼ਾਂ ਵਿੱਚ ਭਾਰਤ ਸਥਿਤੀ ਕਾਫੀ ਬਿਹਤਰ ਹੈ ਕਿਉਂਕਿ ਦੇਸ਼ ਵਿੱਚ ਵਿਦੇਸ਼ੀ ਮੁਦਰਾ ਦਾ ਲੋੜੀਂਦਾ ਭੰਡਾਰ ਮੌਜੂਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਨਕਦੀ ਦੀ ਕਮੀ ਨਹੀਂ ਆਵੇਗੀ। ਲੌਕਡਾਊਨ ਦੌਰਾਨ ਵੀ 1.20 ਲੱਖ ਕਰੋੜ ਰੁਪਏ ਦੀ ਕਰੰਸੀ ਜਾਰੀ ਕੀਤੀ ਗਈ ਹੈ ਅਤੇ ਦੇਸ਼ ਦੇ 91 ਫ਼ੀਸਦ ਏਟੀਐਮ ਪੂਰੀ ਸਮਰੱਥ ਨਾਲ ਕਾਰਜਸ਼ੀਲ ਹਨ।