ਨਵੀਂ ਦਿੱਲੀ: ਕੱਲ੍ਹ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਮੁੰਬਈ ਦੇ ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ (ਪੀਐਮਸੀ) ‘ਤੇ ਛੇ ਮਹੀਨੇ ਦਾ ਬੈਨ ਲਾ ਦਿੱਤਾ ਹੈ। ਇਸ ਤਹਿਤ ਇਸ ਬੈਂਕ ਦੇ ਗਾਹਕ ਆਪਣੇ ਖਾਤੇ ਵਿੱਚੋਂ ਛੇ ਮਹੀਨੇ ਹਰ ਦਿਨ ਸਿਰਫ 1000 ਰੁਪਏ ਹੀ ਕਢਵਾ ਸਕਦੇ ਹਨ। ਆਰਬੀਆਈ ਨੇ ਇਸ ਦੇ ਨਾਲ ਹੀ ਬੈਂਕ ‘ਤੇ ਗਾਹਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਲੋਨ ਦੇਣ ’ਤੇ ਵੀ ਰੋਕ ਲਾ ਦਿੱਤੀ ਹੈ।


ਆਰਬੀਆਈ ਨੇ ਬੈਂਕ ‘ਤੇ ਇਹ ਕਾਰਵਾਈ ਅਨਿਯਮਿਤਤਾ ਵਰਤਣ ਦੇ ਇਲਜ਼ਾਮਾਂ ਕਰਕੇ ਲਾਇਆ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਕਿ ਆਰਬੀਆਈ ਕੁੱਝ ਹੋਰ ਬੈਂਕਾਂ ਨੂੰ ਬੰਦ ਕਰਨ ਵਾਲਾ ਹੈ ਜਾਂ ਬੈਨ ਕਰਨ ਵਾਲਾ ਹੈ। ਇਸ ਮਗਰੋਂ ਦੇਸ਼ ਵਿੱਚ ਖਲਬਲੀ ਮੱਚ ਗਈ। ਇਸ ਮਗਰੋਂ ਆਰਬੀਆਈ ਨੇ ਇਨ੍ਹਾਂ ਅਫਵਾਹਾਂ ‘ਤੇ ਲਗਾਮ ਲਾਉਂਦੇ ਹੋਏ ਸਾਫ਼ ਕੀਤਾ ਹੈ ਕਿ ਆਰਬੀਆਈ ਕਿਸੇ ਬੈਂਕ ਨੂੰ ਬੰਦ ਨਹੀਂ ਕਰ ਰਿਹਾ।


ਇਨ੍ਹਾਂ ਅਫਵਾਹਾਂ ਨੂੰ ਰੋਕਣ ਲਈ ਵਿੱਤ ਸਕੱਤਰ ਰਾਜੀਵ ਕੁਮਾਰ ਵੀ ਸਾਹਮਣੇ ਆਏ ਹਨ। ਉਨ੍ਹਾਂ ਨੇ ਆਰਬੀਆਈ ਵੱਲੋਂ ਇਸ ਤਰ੍ਹਾਂ ਦੇ ਕਿਸੇ ਵੀ ਫੈਸਲੇ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਇਹ ਸਭ ਅਫਵਾਹਾਂ ਹਨ। ਕਿਸੇ ਵੀ ਸਰਕਾਰੀ ਬੈਂਕ ਨੂੰ ਬੰਦ ਕਰਨ ਦਾ ਸਵਾਲ ਹੀ ਖੜ੍ਹਾ ਨਹੀਂ ਹੁੰਦਾ। ਉਹ ਤਾਂ ਯਕੀਨ ਦਾ ਪ੍ਰਤੀਕ ਹਨ।