ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ 'ਤੇ ਵੱਡਾ ਤੋਹਫਾ ਦਿੱਤਾ ਗਿਆ ਹੈ। ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਲੰਡਨ ਸਟੈਨਸਡ ਏਅਰਪੋਰਟ ਦੇ ਵਿਚਕਾਰ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਇਹ ਤਿੰਨ ਦਿਨੀਂ ਹਫ਼ਤਾਵਾਰੀ ਏਅਰ ਇੰਡੀਆ ਦੀ ਉਡਾਣ ਨਵੰਬਰ, 2019 ਤੋਂ ਸੋਮਵਾਰ, ਮੰਗਲਵਾਰ, ਵੀਰਵਾਰ ਨੂੰ ਚੱਕਰ ਲਾਏਗੀ। ਇਹ ਉਡਾਣ ਅੰਮ੍ਰਿਤਸਰ ਤੇ ਬਰਮਿੰਘਮ ਦੇ ਵਿਚਕਾਰ ਛੇ ਹਫ਼ਤਾਵਾਰ ਉਡਾਣਾਂ (3 ਸਮੇਤ ਦਿੱਲੀ ਦੇ ਵਿਚਕਾਰ) ਲਈ ਹੋਵੇਗੀ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਫੇਸਬੁੱਕ ਪੇਜ ਤੋਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਤਿਕਾਰ ਤੇ ਮਹੱਤਵਪੂਰਣ ਅਵਸਰ ਦੀ ਸ਼ਾਨ ਵਜੋਂ, ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਅਹਿਮ ਫੈਸਲੇ ਲਏ ਹਨ।
ਉਨ੍ਹਾਂ ਦੱਸਿਆ ਕਿ 22 ਨਵੰਬਰ, 2018 ਨੂੰ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਸਰਕਾਰ ਵਿਸ਼ਵ ਪੱਧਰੀ ਹਵਾਈ ਸੰਪਰਕ ਬਣਾਉਣ ਲਈ ਫੈਸਲੇ ਵੀ ਲੈ ਰਹੀ ਹੈ। ਉਨ੍ਹਾਂ 27 ਸਤੰਬਰ, 2019 ਨੂੰ ਵਿਸ਼ਵ ਪ੍ਰਯਟਨ ਦਿਵਸ ਤੋਂ ਸ਼ੁਰੂ ਹੋ ਰਹੀ ਦਿੱਲੀ ਤੇ ਟੋਰਾਂਟੋ ਦਰਮਿਆਨ ਸਿੱਧੀ ਤਿੰਨ ਵਾਰ ਹਫਤਾਵਾਰੀ ਉਡਾਣ ਦਾ ਐਲਾਨ ਕੀਤਾ। ਇਹ ਸਾਰੀਆਂ ਉਡਾਣਾਂ ਭਾਰਤ ਦੀ ਯੂਕੇ ਤੇ ਕਨੇਡਾ ਨਾਲ ਮੌਜੂਦਾ ਹਵਾਈ ਸੰਪਰਕ ਨੂੰ ਵਧਾਉਣਗੀਆਂ।
ਇਗਲੈਂਡ ਵਿੱਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਇਸ ਗੱਲ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਪੋਸਟ ਸਾਂਝੀ ਕੀਤੀ ਤੇ ਸਰਕਾਰ ਤੇ ਏਅਰ ਇੰਡੀਆ ਦਾ ਧੰਨਵਾਦ ਕੀਤਾ।